#AMERICA

ਅਮਰੀਕਾ ਤੇ ਕੈਨੇਡਾ ਨੇ ‘ਟਿਕ-ਟੌਕ’ ‘ਤੇ ਲਾਈ ਪਾਬੰਦੀ!

– ਅਮਰੀਕਾ ‘ਚ ਸਰਕਾਰੀ ਉਪਕਰਨਾਂ ‘ਚੋਂ ਟਿੱਕ-ਟੌਕ ਨੂੰ ਹਟਾਉਣ ਲਈ 30 ਦਿਨ ਦਾ ਸਮਾਂ
– ਜਸਟਿਨ ਟਰੂਡੋ ਨੇ ਸਾਰੇ ਸਰਕਾਰੀ ਫੋਨਾਂ ‘ਚੋਂ ‘ਟਿਕ-ਟੌਕ’ ਨੂੰ ਕੀਤਾ ਬੈਨ
ਵਾਸ਼ਿੰਗਟਨ/ਟੋਰਾਂਟੋ, 28 ਫਰਵਰੀ (ਪੰਜਾਬ ਮੇਲ)- ਵ੍ਹਾਈਟ ਹਾਊਸ ਨੇ ਫੈਡਰਲ ਏਜੰਸੀਆਂ ਨੂੰ ਸਾਰੇ ਸਰਕਾਰੀ ਉਪਕਰਨਾਂ ਤੋਂ ‘ਟਿਕ-ਟੌਕ’ ਨੂੰ ਪੂਰੀ ਤਰ੍ਹਾਂ ਹਟਾਉਣ ਲਈ 30 ਦਿਨਾਂ ਦਾ ਸਮਾਂ ਦਿੱਤਾ ਹੈ। ਇਸ ਦੇ ਨਾਲ ਹੀ ਕੈਨੇਡਾ ਨੇ ਸਰਕਾਰ ਦੇ ਸਾਰੇ ਮੋਬਾਈਲ ਉਪਕਰਨਾਂ ‘ਚ ‘ਟਿਕ-ਟੌਕ’ ‘ਤੇ ਪਾਬੰਦੀ ਲਗਾਉਣ ਦਾ ਐਲਾਨ ਕੀਤਾ ਹੈ। ਇਹ ਫੈਸਲਾ ਚੀਨ ਦੀ ਇਸ ਵੀਡੀਓ ਐਪ ਨੂੰ ਲੈ ਕੇ ਵਧਦੀਆਂ ਸੁਰੱਖਿਆ ਚਿੰਤਾਵਾਂ ਦੇ ਵਿਚਕਾਰ ਲਿਆ ਗਿਆ ਹੈ। ਅਮਰੀਕਾ ਵਿਚ ਪ੍ਰਬੰਧਨ ਅਤੇ ਬਜਟ ਦੇ ਦਫ਼ਤਰ ਨੇ ਸੋਮਵਾਰ ਨੂੰ ਜਾਰੀ ਕੀਤੇ ਗਏ ਦਿਸ਼ਾ-ਨਿਰਦੇਸ਼ਾਂ ਨੂੰ ਸੰਵੇਦਨਸ਼ੀਲ ਸਰਕਾਰੀ ਡਾਟਾ ਲਈ ਐਪ ਵੱਲੋਂ ਪੇਸ਼ ਕੀਤਾ ਜਾ ਰਹੇ ਜ਼ੋਖ਼ਮਾਂ ਨੂੰ ਦੂਰ ਕਰਨ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਦੱਸਿਆ ਹੈ।
ਰੱਖਿਆ ਮੰਤਰਾਲਾ, ਗ੍ਰਹਿ ਮੰਤਰਾਲਾ ਅਤੇ ਵਿਦੇਸ਼ ਮੰਤਰਾਲਾ ਸਮੇਤ ਕੁਝ ਏਜੰਸੀਆਂ ਪਹਿਲਾਂ ਹੀ ਇਸ ‘ਤੇ ਪਾਬੰਦੀ ਲਗਾ ਚੁੱਕੀਆਂ ਹਨ। ਦਿਸ਼ਾ-ਨਿਰਦੇਸ਼ਾਂ ਵਿਚ ਫੈਡਰਲ ਸਰਕਾਰੀ ਦੀਆਂ ਬਾਕੀ ਏਜੰਸੀਆਂ ਨੂੰ 30 ਦਿਨਾਂ ਦੇ ਅੰਦਰ ਇਸ ਨੂੰ ਪੂਰੀ ਤਰ੍ਹਾਂ ਹਟਾਉਣ ਲਈ ਕਿਹਾ ਗਿਆ ਹੈ। ਵ੍ਹਾਈਟ ਹਾਊਸ ਪਹਿਲਾਂ ਹੀ ਆਪਣੇ ਉਪਕਰਨਾਂ ‘ਤੇ ‘ਟਿਕ-ਟੌਕ’ ਦੀ ਵਰਤੋਂ ਦੀ ਇਜਾਜ਼ਤ ਨਹੀਂ ਦਿੰਦਾ ਹੈ। ਚੀਨ ਦੀ ਇੰਟਰਨੈੱਟ ਟੈਕਨਾਲੋਜੀ ਕੰਪਨੀ ByteDance Ltd ਦੀ ਐਪ ਟਿਕ-ਟੌਕ ਬੇਹੱਦ ਪ੍ਰਸਿੱਧ ਹੈ ਅਤੇ ਅਮਰੀਕਾ ਵਿਚ ਕਰੀਬ ਦੋ-ਤਿਹਾਈ ਕਿਸ਼ੋਰਾਂ ਵੱਲੋਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ।
ਉਥੇ ਹੀ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਰਕਾਰ ਵੱਲੋਂ ਜਾਰੀ ਸਾਰੇ ਮੋਬਾਈਲ ਉਪਕਰਨਾਂ ‘ਤੇ ਟਿਕਟੌਕ ਨੂੰ ਬੈਨ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਹ ਕਾਰਵਾਈ ਸਿਰਫ਼ ਸ਼ੁਰੂਆਤ ਹੈ। ਉਨ੍ਹਾਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਸਰਕਾਰ ਨੇ ਸਾਰੇ ਸੰਘੀ ਕਰਮਚਾਰੀਆਂ ਨੂੰ ਇਹ ਦੱਸਣ ਦਾ ਮਹੱਤਵਪੂਰਨ ਕਦਮ ਚੁੱਕਿਆ ਹੈ ਕਿ ਉਹ ਹੁਣ ਆਪਣੇ ਕੰਮ ਵਾਲੇ ਫੋਨਾਂ ‘ਤੇ ਟਿਕ-ਟੌਕ ਦੀ ਵਰਤੋਂ ਨਹੀਂ ਕਰ ਸਕਦੇ ਹਨ, ਇਸ ਲਈ ਬਹੁਤ ਸਾਰੇ ਹੋਰ ਕੈਨੇਡੀਅਨ ਆਪਣੇ ਡਾਟਾ ਦੀ ਸੁਰੱਖਿਆ ‘ਤੇ ਵਿਚਾਰ ਕਰਨਗੇ ਅਤੇ ਸ਼ਾਇਦ ਇਹੀ (ਟਿਕਟੌਕ ਦੀ ਵਰਤੋਂ ਨਾ ਕਰਨ ਦਾ) ਬਦਲ ਚੁਣਨ। ਐਪ ਨੂੰ ਕੈਨੇਡਾ ਸਰਕਾਰ ਦੇ ਫੋਨਾਂ ਤੋਂ ਹਟਾ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਯੂਰਪੀਅਨ ਯੂਨੀਅਨ ਦੀ ਕਾਰਜਕਾਰੀ ਸ਼ਾਖਾ ਨੇ ਪਿਛਲੇ ਹਫ਼ਤੇ ਕਿਹਾ ਸੀ ਕਿ ਉਸਨੇ ਸਾਈਬਰ ਸੁਰੱਖਿਆ ਉਪਾਅ ਵਜੋਂ ਕਰਮਚਾਰੀਆਂ ਵੱਲੋਂ ਵਰਤੇ ਜਾਂਦੇ ਫੋਨਾਂ ਤੋਂ ਟਿਕਟੌਕ ਨੂੰ ਅਸਥਾਈ ਤੌਰ ‘ਤੇ ਪਾਬੰਦੀ ਲਗਾ ਦਿੱਤੀ ਹੈ।

Leave a comment