ਸੈਕਰਾਮੈਂਟੋ, 8 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ‘ਚ ਤਕਰੀਬਨ 25 ਸਾਲ ਪੁਰਾਣਾ ਜਬਰ-ਜਨਾਹ ਤੇ ਹੱਤਿਆ ਦਾ ਮਾਮਲਾ ਡੀ.ਐੱਨ.ਏ. ਦੀ ਜਾਂਚ ਦੁਆਰਾ ਹੱਲ ਕਰ ਲਿਆ ਗਿਆ ਹੈ। ਇਹ ਜਾਣਕਾਰੀ ਬਰੌਵਰਡ ਕਾਊਂਟੀ (ਫਲੋਰਿਡਾ) ਸ਼ੈਰਿਫ ਦਫਤਰ ਨੇ ਜਾਰੀ ਇਕ ਬਿਆਨ ਵਿਚ ਦਿੱਤੀ ਹੈ। ਜਾਰੀ ਬਿਆਨ ‘ਚ ਸ਼ੈਰਿਫ ਗਰੋਗਰੀ ਟੋਨੀ ਨੇ ਕਿਹਾ ਹੈ ਕਿ ਪੀੜਤ ਦੀ ਪਛਾਣ ਈਲੀਨ ਟਰੁੱਪਨਰ ਤੇ ਹੱਤਿਆਰੇ ਦੀ ਪਛਾਣ 64 ਸਾਲਾ ਲੂਸੀਅਸ ਬਾਇਡ ਵਜੋਂ ਹੋਈ ਹੈ।
ਬਾਇਡ ਪਹਿਲਾਂ ਹੀ ਜੇਲ੍ਹ ਵਿਚ ਹੈ ਤੇ ਉਸ ਨੂੰ ਟਰੁੱਪਨਰ ਦੀ ਹੱਤਿਆ ਤੋਂ 2 ਹਫਤੇ ਪਹਿਲਾਂ ਇਕ ਹੋਰ ਹੱੱਤਿਆ ਦੇ ਮਾਮਲੇ ਵਿਚ ਮੌਤ ਦੀ ਸਜ਼ਾ ਸੁਣਾਈ ਜਾ ਚੁੱੱਕੀ ਹੈ। ਦਸੰਬਰ 1998 ‘ਚ ਟਰੁੱਪਨਰ ਦੀ ਲਾਸ਼ ਦੱਖਣ ਪੱਛਮੀ ਬਰੋਵਰਡ ਕਾਊਂਟੀ ਵਿਚ ਯੂ.ਐੱਸ. ਰੂਟ 27 ਨੇੜੇ ਮਿਲੀ ਸੀ। ਸ਼ੈਰਿਫ ਦਫਤਰ ਦੇ ਕੈਪਟਨ ਜੋਨਾਥਨ ਬਰਾਊਨ ਨੇ ਕਿਹਾ ਹੈ ਕਿ ਉਨ੍ਹਾਂ ਦਾ ਪੱਕਾ ਵਿਸ਼ਵਾਸ ਹੈ ਕਿ ਬਾਇਡ ਇਕ ਸੀਰੀਅਲ ਹੱਤਿਆਰਾ ਹੈ।