#AMERICA

ਅਮਰੀਕਾ ‘ਚ 2021 ਦੌਰਾਨ ਨਫਰਤੀ ਅਪਰਾਧ ਦੇ ਮਾਮਲਿਆਂ ‘ਚ ਹੋਇਆ ਵਾਧਾ

– ਐੱਫ.ਬੀ.ਆਈ. ਨੇ ਕੀਤਾ ਖੁਲਾਸਾ
– ਜਾਰੀ ਅੰਕੜਿਆਂ ਮੁਤਾਬਕ ਨਫਰਤੀ ਅਪਰਾਧ ਮਾਮਲਿਆਂ ‘ਚ 12 ਫੀਸਦੀ ਦਾ ਵਾਧਾ ਹੋਇਆ
ਵਾਸ਼ਿੰਗਟਨ, 15 ਮਾਰਚ (ਪੰਜਾਬ ਮੇਲ)- ਅਮਰੀਕਾ ਵਿਚ 2021 ਵਿਚ ਨਫ਼ਰਤੀ ਅਪਰਾਧ ਦੇ ਮਾਮਲਿਆਂ ‘ਚ ਇਕ ਵਾਰ ਫਿਰ ਵਾਧਾ ਦਰਜ ਕੀਤਾ ਗਿਆ, ਇਨ੍ਹਾਂ ਵਿਚ ਸਿੱਖ ਵੀ ਭਾਰੀ ਗਿਣਤੀ ਵਿਚ ਸ਼ਾਮਲ ਹਨ। ਇਹ ਜਾਣਕਾਰੀ ਅਮਰੀਕਾ ਦੇ ਨਿਆਂ ਵਿਭਾਗ ਦੀ ਏਜੰਸੀ ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਨੇ ਦਿੱਤੀ। ਫੈਡਰਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਅਜਿਹੇ ਮਾਮਲਿਆਂ ‘ਚ 12 ਫੀਸਦੀ ਦਾ ਵਾਧਾ ਹੋਇਆ ਹੈ, ਜਦਕਿ ਪਿਛਲੀ ਅਧੂਰੀ ਰਿਪੋਰਟ ‘ਚ ਕਿਹਾ ਗਿਆ ਸੀ ਕਿ ਮਾਮਲਿਆਂ ‘ਚ ਕਮੀ ਆਈ ਹੈ। ਹਾਲਾਂਕਿ ਰਿਪੋਰਟ ਵਿਚ ਨਿਊਯਾਰਕ ਅਤੇ ਲਾਸ ਏਂਜਲਸ ਸਮੇਤ ਦੇਸ਼ ਦੇ ਕੁਝ ਵੱਡੇ ਸ਼ਹਿਰਾਂ ਦੇ ਅੰਕੜੇ ਨਹੀਂ ਹਨ।
ਕੈਲੀਫੋਰਨੀਆ ਸਟੇਟ ਯੂਨੀਵਰਸਿਟੀ-ਸਾਨ ਬਰਨਾਰਡੀਨੋ ਵਿਖੇ ਸੈਂਟਰ ਫਾਰ ਦ ਸਟੱਡੀ ਆਫ ਹੇਟ ਐਂਡ ਕ੍ਰਾਈਮ ਦੇ ਡਾਇਰੈਕਟਰ ਬ੍ਰਾਇਨ ਲੇਵਿਨ ਨੇ ਕਿਹਾ ਕਿ ਦਹਾਕਿਆਂ ਵਿਚ ਨਫ਼ਰਤ ਦੇ ਅਪਰਾਧ ਸਭ ਤੋਂ ਵੱਧ ਹਨ। ਉਨ੍ਹਾਂ ਨੇ ਕਿਹਾ ਕਿ ”ਅਸੀਂ ਇੱਕ ਅਜਿਹੇ ਚਿੰਤਾਜਨਕ ਸਮੇਂ ਵਿਚ ਰਹਿ ਰਹੇ ਹਾਂ, ਜਿੱਥੇ ਨਫ਼ਰਤੀ ਅਪਰਾਧ ਵੱਧ ਰਹੇ ਹਨ”। ਐੱਫ.ਬੀ.ਆਈ. ਦੀ ਰਿਪੋਰਟ ਅਨੁਸਾਰ ਪੀੜਤਾਂ ਵਿਚੋਂ ਜ਼ਿਆਦਾਤਰ 64.5 ਪ੍ਰਤੀਸ਼ਤ ਨੂੰ ਉਨ੍ਹਾਂ ਦੀ ਨਸਲ, ਜਾਤੀ ਜਾਂ ਵੰਸ਼ ਕਾਰਨ ਨਿਸ਼ਾਨਾ ਬਣਾਇਆ ਗਿਆ। ਹੋਰ 16 ਪ੍ਰਤੀਸ਼ਤ ਨੂੰ ਉਨ੍ਹਾਂ ਦੀ ਲਿੰਗੀ ਪਸੰਦ ਕਾਰਨ ਅਤੇ 14 ਪ੍ਰਤੀਸ਼ਤ ਨੂੰ ਧਾਰਮਿਕ ਪੱਖਪਾਤ ਕਾਰਨ ਨਿਸ਼ਾਨਾ ਬਣਾਇਆ ਗਿਆ। ਅਜਿਹੇ ਅਪਰਾਧ ਅਕਸਰ ਡਰਾਉਣ-ਧਮਕਾਉਣ ਅਤੇ ਹਮਲੇ ਦੁਆਰਾ ਕੀਤੇ ਜਾਂਦੇ ਹਨ। ਨਫਰਤ ਦੇ ਆਧਾਰ ‘ਤੇ ਕਤਲ ਦੇ 18 ਮਾਮਲੇ ਸਾਹਮਣੇ ਆਏ। ਵੈਸਟਰਨ ਸਟੇਟਸ ਸੈਂਟਰ ਦੇ ਚੀਫ਼ ਆਫ਼ ਸਟਾਫ਼ ਜਿਲ ਗਾਰਵੇ ਨੇ ਦੱਸਿਆ ਕਿ ਧਾਰਮਿਕ ਮਾਮਲਿਆਂ ਵਿਚੋਂ ਅੱਧੇ ਵਿਚ ਯਹੂਦੀ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ।
ਸੋਮਵਾਰ ਨੂੰ ਜਾਰੀ ਐੱਫ.ਬੀ.ਆਈ. ਦੀ ਰਿਪੋਰਟ ਵਿਚ ਅਜਿਹੇ ਮਾਮਲਿਆਂ ਦੇ ਰਿਕਾਰਡ ਨੂੰ ਸਹੀ ਢੰਗ ਨਾਲ ਰੱਖਣ ‘ਤੇ ਜ਼ੋਰ ਦਿੱਤਾ ਗਿਆ। ਗਾਰਵੇ ਨੇ ਕਿਹਾ ਕਿ ”ਸਾਡੇ ਕੋਲ ਅਜੇ ਵੀ ਇਸ ਸਮੱਸਿਆ ਦੀ ਜੜ੍ਹ ਤੱਕ ਜਾਣ ਲਈ ਲੋੜੀਂਦਾ ਡੇਟਾ ਨਹੀਂ ਹੈ।” ਦਸੰਬਰ ਵਿਚ ਜਾਰੀ ਪਿਛਲੀ ਰਿਪੋਰਟ ਵਿਚ ਅਜਿਹੇ ਮਾਮਲਿਆਂ ਵਿਚ ਕਮੀ ਇਸ ਲਈ ਸੀ ਕਿਉਂਕਿ ਪੁਲਿਸ ਨੇ ਆਪਣੇ ਅੰਕੜੇ ਐੱਫ.ਬੀ.ਆਈ. ਨੂੰ ਕਿਵੇਂ ਸੌਂਪਣੇ ਹਨ, ਇਸ ਨੂੰ ਲੈ ਕੇ ਸਥਿਤੀ ਸਪੱਸ਼ਟ ਨਹੀਂ ਸੀ। ਵਧੇਰੇ ਸਪੱਸ਼ਟਤਾ ਲਈ, ਏਜੰਸੀ ਦੇ ਅਧਿਕਾਰੀਆਂ ਨੇ ਵੱਡੇ ਵਿਭਾਗਾਂ ਨੂੰ ਪਿਛਲੀ ਪ੍ਰਣਾਲੀ ਦੇ ਤਹਿਤ ਰਿਪੋਰਟ ਕਰਨ ਦੀ ਇਜਾਜ਼ਤ ਦਿੱਤੀ। ਐਸੋਸੀਏਟ ਅਟਾਰਨੀ ਜਨਰਲ ਵਨੀਤਾ ਗੁਪਤਾ ਨੇ ਕਿਹਾ ਕਿ ”ਨਫ਼ਰਤੀ ਅਪਰਾਧਾਂ ਅਤੇ ਉਨ੍ਹਾਂ ਦੁਆਰਾ ਭਾਈਚਾਰਿਆਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਲਈ ਦੇਸ਼ ਵਿਚ ਕੋਈ ਥਾਂ ਨਹੀਂ ਹੈ। ਨਿਆਂ ਮੰਤਰਾਲਾ ਪੱਖਪਾਤੀ ਹਿੰਸਾ ਦੇ ਸਾਰੇ ਰੂਪਾਂ ਨੂੰ ਹੱਲ ਕਰਨ ਲਈ ਉਪਲਬਧ ਹਰ ਸਰੋਤ ਦੀ ਵਰਤੋਂ ਕਰਨ ਲਈ ਵਚਨਬੱਧ ਹੈ।”

Leave a comment