#AMERICA

ਅਮਰੀਕਾ ‘ਚ 2 ਬੱਚਿਆਂ ਦੇ ਕਤਲ ਤੇ ਹੱਤਿਆ ਦੀ ਸਾਜਿਸ਼ ਦੇ ਮਾਮਲੇ ‘ਚ ਔਰਤ ਨੂੰ ਉਮਰ ਭਰ ਲਈ ਜੇਲ੍ਹ ਦੀ ਸਜ਼ਾ

* ਬਿਨਾਂ ਪੈਰੋਲ ਦੀ ਸੰਭਾਵਨਾ ਦੇ ਜੱਜ ਨੇ ਸੁਣਾਈਆਂ 5 ਉਮਰ ਕੈਦਾਂ
ਸੈਕਰਾਮੈਂਟੋ, 3 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਆਇਡਾਹੋ ਰਾਜ ‘ਚ ਆਪਣੇ ਦੋ ਬੱਚਿਆਂ ਦੇ ਕਤਲ ਤੇ ਆਪਣੇ ਪਤੀ ਦੀ ਪਹਿਲੀ ਪਤਨੀ ਦੇ ਕਤਲ ਦੀ ਸਾਜਿਸ਼ ਰਚਣ ਦੇ ਮਾਮਲੇ ‘ਚ ਫਰੀਮਾਂਟ ਕਾਊਂਟੀ, ਸੇਂਟ ਐਂਥਨੀ ਦੀ ਇਕ ਅਦਾਲਤ ਵੱਲੋਂ ਲੌਰੀ ਵਾਲੋਅ ਡੇਬੈਲ ਨਾਮੀ ਔਰਤ ਨੂੰ ਉਮਰ ਭਰ ਲਈ ਜੇਲ੍ਹ ਦੀ ਸਜ਼ਾ ਸੁਣਾਏ ਜਾਣ ਦੀ ਖਬਰ ਹੈ। ਜੱਜ ਨੇ ਬਿਨਾਂ ਪੈਰੋਲ ਦੀ ਸੰਭਾਵਨਾ ਦੇ ਡੇਬੈਲ ਨੂੰ 5 ਉਮਰ ਕੈਦਾਂ ਦੀ ਸਜ਼ਾ ਸੁਣਾਈ। ਇਹ ਸਾਰੀਆਂ ਸਜ਼ਾਵਾਂ ਇਕੱਠੀਆਂ ਹੀ ਚੱਲਣਗੀਆਂ। ਡੇਬੈਲ ਨੂੰ ਇਸ ਸਾਲ ਦੇ ਸ਼ੁਰੂ ਵਿਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਜੱਜ ਨੇ ਡੇਬੈਲ ਦੇ ਦੋ ਬੱਚਿਆਂ 16 ਸਾਲਾ ਧੀ ਟਾਇਲੀ ਰੇਯਾਨ ਤੇ 7 ਸਾਲਾ ਪੁੱਤਰ ਜੋਸ਼ੂਆ ਜੇ ਜੇ ਵਾਲੋਅ ਦੇ ਕਤਲਾਂ ਤੇ ਆਪਣੇ ਪਤੀ ਦੀ ਸਾਬਕਾ ਪਤਨੀ ਟੈਮੀ ਡੇਬੈਲ ਦੀ ਮੌਤ ਦੇ ਮਾਮਲੇ ‘ਚ ਸਾਜਿਸ਼ ਰਚਣ ਲਈ 3 ਉਮਰ ਕੈਦਾਂ ਦੀ ਸਜ਼ਾ ਸੁਣਾਈ। ਜੱਜ ਨੇ 2 ਹੋਰ ਉਮਰ ਕੈਦਾਂ ਤੋਂ ਇਲਾਵਾ ਵੱਡੀ ਚੋਰੀ ਦੇ ਮਾਮਲੇ ‘ਚ 10 ਸਾਲ ਜੇਲ੍ਹ ਦੀ ਸਜ਼ਾ ਦਾ ਆਦੇਸ਼ ਵੀ ਸੁਣਾਇਆ। ਜੱਜ ਸਟੀਵਨ ਡਬਲਯੂ ਬਾਇਸ ਨੇ ਆਪਣੇ ਫੈਸਲੇ ਵਿਚ ਕਿਹਾ ਕਿ ”ਉਸ ਨੇ ਦੋਸ਼ੀ ਦਾ ਪਹਿਲਾ ਕੋਈ ਅਪਰਾਧਿਕ ਰਿਕਾਡਰ ਨਾ ਹੋਣ ਉਪਰ ਵਿਚਾਰ ਕੀਤਾ ਹੈ। ਇਸ ਮਾਮਲੇ ਵਿਚ ਕੇਵਲ ਇਹ ਇਕੋ ਇਕ ਤੱਥ ਹੈ, ਜੋ ਡੇਬੈਲ ਦੇ ਅਪਰਾਧ ਦੀ ਗੰਭੀਰਤਾ ਨੂੰ ਘੱਟ ਕਰਦਾ ਹੈ ਪਰੰਤੂ ਉਹ ਬਹੁਤ ਹੀ ਗੰਭੀਰ ਦੋਸ਼ਾਂ ਤੋਂ ਬਚ ਨਹੀਂ ਸਕਦੀ ਤੇ ਉਸ ਨੂੰ ਆਪਣੇ ਕੀਤੇ ਉਪਰ ਕੋਈ ਪਛਤਾਵਾ ਵੀ ਨਹੀਂ ਹੈ।” ਜੱਜ ਨੇ ਵਾਲੋਅ ਡੇਬੈਲ ਨੂੰ ਸੰਬੋਧਨ ਕਰਦਿਆਂ ਕਿਹਾ ”ਕਤਲ ਸਭ ਤੋਂ ਵਧ ਘਿਣਾਉਣਾ ਅਪਰਾਧ ਹੈ ਤੇ ਉਹ ਵੀ ਆਪਣੇ ਬੱਚਿਆਂ ਦਾ ਕਤਲ। ਇਹ ਕਲਪਨਾ ਤੋਂ ਬਾਹਰ ਹੈ। ਤੂੰ ਟੈਮੀ ਡੇਬੈਲ ਦੀ ਮੌਤ ਦੇ ਮਾਮਲੇ ਵਿਚ ਕਤਲ ਦੀ ਸਾਜਿਸ਼ ਰਚਣ ਦਾ ਅਪਰਾਧ ਕੀਤਾ ਹੈ, ਜਿਸ ਦੇ ਆਪਣੇ ਬੱਚੇ ਸਨ। ਜਿਊਰੀ ਠੋਸ ਸਬੂਤਾਂ ਦੇ ਆਧਾਰ ‘ਤੇ ਸਜ਼ਾ ਸੁਣਾ ਰਹੀ ਹੈ ਪਰੰਤੂ ਫਿਰ ਵੀ ਤੂੰ ਕਹਿ ਰਹੀ ਹੈ ਕਿ ਮੈ ਇਹ ਗੁਨਾਹ ਨਹੀਂ ਕੀਤਾ।” ਵਾਲੋਅ ਡੇਬੈਲ ਨੇ ਸੋਮਵਾਰ ਨੂੰ ਹੋਈ ਸੁਣਵਾਈ ਦੌਰਾਨ ਆਪਣੇ  ਆਪ ਨੂੰ ਨਿਰਦੋਸ਼ ਦੱਸਿਆ ਸੀ ਤੇ ਕਿਹਾ ਸੀ ਕਿ ”ਉਸ ਨੇ ਜੀਸਸ ਨਾਲ ਗੱਲ ਕੀਤੀ ਹੈ। ਉਸ ਦੇ ਬੱਚੇ ਤੇ ਉਸ ਦੇ ਪਤੀ ਦੀ ਪਤਨੀ ਸਭ ਖੁਸ਼ ਹਨ। ਉਹ ਸਾਰੇ ਸਵਰਗ ਵਿਚ ਆਪੋ-ਆਪਣੇ ਕੰਮਾਂ ਕਾਰਾਂ ਵਿਚ ਲੱਗੇ ਹੋਏ ਹਨ।”

Leave a comment