ਅਮਰੀਕਾ ‘ਚ ਸੜਕ ਹਾਦਸੇ ‘ਚ ਪੰਜਾਬੀ ਨੌਜਵਾਨ ਦੀ ਮੌਤ

776

ਕਾਹਨੂੰਵਾਨ, 16 ਅਪ੍ਰੈਲ (ਪੰਜਾਬ ਮੇਲ) – ਰੁਜ਼ਗਾਰ ਲਈ ਅਮਰੀਕਾ ਗਏ ਬਲਾਕ ਕਾਹਨੂੰਵਾਨ ਦੇ ਪਿੰਡ ਚੱਕ ਸ਼ਰੀਫ਼ ਦੇ ਨੌਜਵਾਨ ਦੀ ਮੌਤ ਦੀ ਸੂਚਨਾ ਮਿਲਣ ਮਗਰੋਂ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਪਰਿਵਾਰ ਨੇ ਉਸ ਦੀ ਲਾਸ਼ ਭਾਰਤ ਮੰਗਵਾਉਣ ਲਈ ਵਿਦੇਸ਼ ਮੰਤਰਾਲੇ ਨੂੰ ਦਖ਼ਲ ਦੇਣ ਦੀ ਮੰਗ ਕੀਤੀ ਹੈ। 22 ਸਾਲਾ ਜਗਤਾਰ ਸਿੰਘ ਦੇ ਪਿਤਾ ਬਲਵਿੰਦਰ ਸਿੰਘ ਅਤੇ ਪਿੰਡ ਦੇ ਸਰਪੰਚ ਰੂਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਹੀ ਉਸ ਦੀ ਮੌਤ ਸਬੰਧੀ ਸੂਚਨਾ ਮਿਲੀ ਹੈ। ਜਗਤਾਰ ਸਿੰਘ ਨੇ ਦੋ ਦਿਨ ਪਹਿਲਾਂ ਹੀ ਆਪਣੇ ਪਰਿਵਾਰ ਨੂੰ ਦੱਸਿਆ ਸੀ ਕਿ ਉਸ ਦੀ ਕਾਰ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ, ਪਰ ਉਹ ਠੀਕ ਹੈ। ਉਨ੍ਹਾਂ ਕਿਹਾ ਕਿ ਅੱਜ ਅਚਾਨਕ ਉਨ੍ਹਾਂ ਨੂੰ ਫ਼ੋਨ ਰਹੀਂ ਉਸ ਦੀ ਮੌਤ ਬਾਰੇ ਸੂਚਨਾ ਮਿਲੀ। ਹਾਲਾਂਕਿ ਉਸ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਬਲਵਿੰਦਰ ਸਿੰਘ ਨੇ ਦੱਸਿਆ ਕਿ ਜਗਤਾਰ ਨੂੰ ਵਿਦੇਸ਼ ਵਿੱਚ ਪੱਕਿਆ ਕਰਨ ਲਈ ਉਸ ਦਾ 45 ਲੱਖ ਰੁਪਏ ਖ਼ਰਚਾ ਆ ਗਿਆ ਸੀ। ਇਸ ਦੇ ਨਾਲ ਹੀ ਉਸ ਦੇ ਛੋਟੇ ਭਰਾ ਚੰਨਪ੍ਰੀਤ ਸਿੰਘ ਨੂੰ ਵੀ 22 ਲੱਖ ਰੁਪਏ ਖ਼ਰਚ ਕੇ ਰੁਜ਼ਗਾਰ ਲਈ ਵਿਦੇਸ਼ ਭੇਜਿਆ ਸੀ, ਪਰ ਅਮਰੀਕਾ ਸਰਕਾਰ ਨੇ ਉਸ ਨੂੰ ਤਿੰਨ ਮਹੀਨਿਆਂ ਮਗਰੋਂ ਵਾਪਸ ਭੇਜ ਦਿੱਤਾ।