#AMERICA

ਅਮਰੀਕਾ ‘ਚ ਸੁਪਾਰੀ ਦੇ ਕੇ ਪੰਜਾਬ ‘ਚ ਕਤਲ ਕਰਵਾਉਣ ਦੀ ਸਾਜਿਸ਼ ਰਚਣ ਵਾਲਿਆਂ ਦਾ ਐੱਫ.ਬੀ.ਆਈ. ਵੱਲੋਂ ਪਰਦਾਫਾਸ਼

-ਅਮਰੀਕਾ ‘ਚ ਰੋਜ਼ੀ ਬਰਕੰਦੀ ਦੇ ਭਰਾ ਸ਼ਮਿੰਦਰਜੀਤ ਸਿੰਘ ਸੰਧੂ ਸਣੇ 3 ਪੰਜਾਬੀ ਗ੍ਰਿਫ਼ਤਾਰ
ਵਾਸ਼ਿੰਗਟਨ, 15 ਅਪ੍ਰੈਲ (ਪੰਜਾਬ ਮੇਲ)- ਅਮਰੀਕਾ ਦੇ ਈਸਟਨ ਡਿਸਟ੍ਰਿਕ ਕੋਰਟ ਆਫ ਕੈਲੀਫੋਰਨੀਆ ਤੋਂ ਪ੍ਰਾਪਤ ਦਸਤਾਵੇਜਾਂ ਮੁਤਾਬਕ ਪੰਜਾਬ ਦੇ 3 ਵਿਅਕਤੀਆਂ ਦੇ ਨਾਮ ਸੁਪਾਰੀ ਦੇ ਕੇ ਕਤਲ ਕਰਨ ਅਤੇ ਸਰੀਰਕ ਨੁਕਸਾਨ ਪਹੁੰਚਾਉਣ ਦੇ ਕੇਸ ਵਿਚ ਸਾਹਮਣੇ ਆ ਰਹੇ ਹਨ। ਅਮਰੀਕਾ ਦੇ ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਵੱਲੋਂ ਇਸ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਕੇਸ ਵਿਚ ਸ਼ਮਿੰਦਰਜੀਤ ਸਿੰਘ ਸੰਧੂ, ਰਾਕੇਸ਼ ਕੁਮਾਰ ਬਿਰਲਾ ਜੂਨੀਅਰ ਅਤੇ ਜਗਨਿੰਦਰ ਸਿੰਘ ਬੋਪਾਰਾਏ ਦਾ ਨਾਮ ਆਇਆ ਹੈ। ਸ਼ਮਿੰਦਰਜੀਤ ਸਿੰਘ ਸੰਧੂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੁਕਤਸਰ ਨਾਲ ਸਬੰਧਿਤ ਵੱਡੇ ਆਗੂ ਰੋਜ਼ੀ ਬਰਕੰਦੀ ਦਾ ਛੋਟਾ ਭਰਾ ਹੈ। ਇਨ੍ਹਾਂ ਵਿਅਕਤੀਆਂ ਨੇ 2 ਹੋਰਾਂ (ਸੁਰੱਖਿਆ ਕਾਰਨਾਂ ਕਰਕੇ ਜਿਨ੍ਹਾਂ ਦੇ ਨਾਵਾਂ ਨੂੰ ਡਿਸਕਲੋਜ ਨਹੀਂ ਕੀਤਾ ਜਾ ਰਿਹਾ) ਨੂੰ ਮਰਵਾਉਣ ਅਤੇ ਭਾਰੀ ਸਰੀਰਕ ਨੁਕਸਾਨ ਪਹੁੰਚਾਉਣ ਲਈ ਅਮਰੀਕਾ ਵਿਚ ਇਕ ਸਾਜ਼ਿਸ਼ ਰਚੀ ਪਰ ਇਸ ਵਿਚ ਅਸਫਲ ਰਹੇ, ਕਿਉਂਕਿ ਐੱਫ.ਬੀ.ਆਈ. ਨੇ ਇਨ੍ਹਾਂ ਦੀ ਯੋਜਨਾ ਦਾ ਪਰਦਾਫਾਸ਼ ਕਰ ਦਿੱਤਾ।
ਸਾਰੇ ਸਬੂਤ ਹੱਥ ਲੱਗਣ ‘ਤੇ ਐੱਫ.ਬੀ.ਆਈ. ਨੇ ਸਭ ਤੋਂ ਪਹਿਲਾਂ ਇਸ ਸੁਪਾਰੀ ਕਾਂਡ ਦੇ ਮਾਸਟਰ ਮਾਈਂਡ ਜਗਨਿੰਦਰ ਸਿੰਘ ਬੋਪਾਰਾਏ ਅਤੇ ਰਾਕੇਸ਼ ਕੁਮਾਰ ਬਿਰਲਾ ਨੂੰ ਅੰਡਰ ਸੈਕਸ਼ਨ ਟਾਈਟਲ-18 ਯੂਨਾਈਟਿਡ ਸਟੇਟ ਕੋਡ ਦੀ ਧਾਰਾ 1958 ਤਹਿਤ ਗ੍ਰਿਫ਼ਤਾਰ ਕੀਤਾ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸ਼ਮਿੰਦਰਜੀਤ ਸਿੰਘ ਸੰਧੂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜੇਕਰ ਇਨ੍ਹਾਂ ਲੋਕਾਂ ‘ਤੇ ਦੋਸ਼ ਸਾਬਿਤ ਹੋ ਜਾਂਦਾ ਹੈ ਤਾਂ ਇਨ੍ਹਾਂ ਨੂੰ 10 ਸਾਲ ਦੀ ਸਜ਼ਾ ਅਤੇ ਢਾਈ ਲੱਖ ਡਾਲਰ ਜੁਰਮਾਨਾ ਹੋ ਸਕਦਾ ਹੈ। ਇਸ ਸਾਰੇ ਕਾਂਡ ਵਿਚ ਇੱਕ ਹੋਰ ਵਿਅਕਤੀ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ, ਜਿਸ ਦਾ ਨਾਮ ਗੁਪਤ ਰੱਖਿਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਐੱਫ.ਬੀ.ਆਈ. ਵੱਲੋਂ ਇਹ ਆਪ੍ਰੇਸ਼ਨ 20 ਫਰਵਰੀ ਤੋਂ ਲੈ ਕੇ 29 ਮਾਰਚ ਤੱਕ ਚਲਾਇਆ ਗਿਆ ਅਤੇ ਇਸ ਦੌਰਾਨ ਬਹੁਤ ਸਾਰੇ ਸਬੂਤ ਇਕੱਠੇ ਕੀਤੇ ਗਏ। ਸ਼ਮਿੰਦਰਜੀਤ ਸੰਧੂ ‘ਤੇ ਪੰਜਾਬ ਵਿਚ ਵੀ ਫਰਜੀਵਾੜੇ ਦਾ ਇੱਕ ਮਾਮਲਾ ਦਰਜ ਹੈ। ਪਤਾ ਲੱਗਾ ਹੈ ਕਿ ਸ਼ਮਿੰਦਰਜੀਤ ਸਿੰਘ ਸੰਧੂ ‘ਤੇ ਪੰਜਾਬ ਵਿਚ ਇੱਕ ਬੈਂਕ ਨਾਲ 16 ਕਰੋੜ ਰੁਪਏ ਦੇ ਕਰਜ ਵਿਚ ਹੇਰਫੇਰ ਦਾ ਮਾਮਲਾ ਦਰਜ ਹੈ ਅਤੇ ਇਨ੍ਹਾਂ ਦਾ ਮੁਕਤਸਰ ਨਾਲ ਸਬੰਧਿਤ ਪਿੰਡ ਬਰਕੰਦੀ ਦੱਸਿਆ ਜਾ ਰਿਹਾ ਹੈ।

Leave a comment