– ਐੱਚ-1ਬੀ ਵੀਜ਼ਾ ‘ਚ ਨੌਕਰੀ ਲੱਭਣ ਦੀ ਸਮਾਂ ਸੀਮਾ ਘਟਾਈ ਗਈ
– ਗ੍ਰੀਨ ਕਾਰਡ ਲਈ ਲੰਬਾ ਇੰਤਜ਼ਾਰ
– ਅਮਰੀਕਾ ਦੇ ਨਵੇਂ ਵੀਜ਼ਾ ਨਿਯਮਾਂ ਦਾ ਭਾਰਤੀਆਂ ‘ਤੇ ਅਸਰ
ਵਾਸ਼ਿੰਗਟਨ, 25 ਸਤੰਬਰ (ਪੰਜਾਬ ਮੇਲ)- ਇਨ੍ਹੀਂ ਦਿਨੀਂ ਅਮਰੀਕਾ ਵਿਚ ਭਾਰੀ ਮੰਦੀ ਹੈ, ਜਿਸ ਕਾਰਨ ਕਈ ਖੇਤਰਾਂ ਵਿਚ ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ। ਤਕਨਾਲੋਜੀ ਖੇਤਰ ਵਿਚ ਲੋਕਾਂ ਨੇ ਸਭ ਤੋਂ ਵੱਧ ਨੌਕਰੀਆਂ ਗੁਆ ਦਿੱਤੀਆਂ ਹਨ। ਛਾਂਟੀ ਕਾਰਨ ਤਕਨੀਕੀ ਖੇਤਰ ਬੁਰੀ ਤਰ੍ਹਾਂ ਹਿੱਲ ਗਿਆ ਹੈ, ਜਿਸ ਦਾ ਸਭ ਤੋਂ ਵੱਧ ਅਸਰ ਭਾਰਤੀ ਮੂਲ ਦੇ ਲੋਕਾਂ ‘ਤੇ ਪਿਆ ਹੈ। ਅਮਰੀਕਾ ਵਿਚ ਵੱਡੀ ਗਿਣਤੀ ਵਿਚ ਭਾਰਤੀ ਤਕਨੀਕੀ ਖੇਤਰ ਵਿਚ ਕੰਮ ਕਰਦੇ ਹਨ। ਐੱਚ-1ਬੀ ਵੀਜ਼ਾ ਰੱਖਣ ਵਾਲੇ ਭਾਰਤੀ ਮੂਲ ਦੇ ਲੋਕਾਂ ਨੂੰ ਨਵੇਂ ਵੀਜ਼ਾ ਨਿਯਮਾਂ ਦੇ ਨਾਲ-ਨਾਲ ਛਾਂਟੀ ਦਾ ਵੀ ਸਾਹਮਣਾ ਕਰਨਾ ਪਿਆ ਹੈ। ਨਵੇਂ ਵੀਜ਼ਾ ਨਿਯਮਾਂ ਦੇ ਨਾਲ ਤਕਨੀਕੀ ਖੇਤਰ ਵਿਚ ਛਾਂਟੀ ਨੇ ਅਮਰੀਕਾ ਵਿਚ ਆਵਾਸ ਕਰਨ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਹੁਨਰਮੰਦ ਕਾਮਿਆਂ ਲਈ ਇੱਕ ਚੁਣੌਤੀਪੂਰਨ ਮਾਹੌਲ ਬਣਾਇਆ ਹੈ। ਕੰਪਨੀ ‘ਤੇ ਨਜ਼ਰ ਰੱਖਣ ਵਾਲੀ ਸੰਸਥਾ Layoffs.fyi ਅਨੁਸਾਰ ਇਕੱਲੇ ਅਮਰੀਕਾ ਵਿਚ 2024 ਵਿਚ 1.37 ਲੱਖ ਲੋਕ ਤਕਨੀਕੀ ਖੇਤਰ ਵਿਚ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਹਨ। ਕਦੇ ਇਹ ਕਿਹਾ ਜਾਂਦਾ ਸੀ ਕਿ ਮੰਦੀ ਦਾ ਤਕਨੀਕੀ ਖੇਤਰ ‘ਤੇ ਕੋਈ ਅਸਰ ਨਹੀਂ ਪੈਂਦਾ, ਪਰ ਮੌਜੂਦਾ ਛਾਂਟੀ ਕਾਰਨ ਬਾਜ਼ਾਰ ਵਿਚ ਨੌਕਰੀਆਂ ਦੀ ਕਮੀ ਹੋ ਗਈ ਹੈ।
ਹਾਲਾਂਕਿ, ਅਜਿਹਾ ਨਹੀਂ ਹੈ ਕਿ ਭਾਰਤੀ ਕਾਮੇ ਸਿਰਫ਼ ਨੌਕਰੀਆਂ ਖੁੱਸਣ ਤੋਂ ਡਰ ਰਹੇ ਹਨ, ਸਗੋਂ ਵੀਜ਼ਾ ਨਿਯਮਾਂ ਨੇ ਵੀ ਉਨ੍ਹਾਂ ਦੀ ਹਾਲਤ ਖਰਾਬ ਕੀਤੀ ਹੋਈ ਹੈ। ਐੱਚ-1ਬੀ ਵੀਜ਼ਾ ਰੱਖਣ ਵਾਲੇ ਭਾਰਤੀਆਂ ਨੂੰ ਨਵੀਂ ਨੌਕਰੀ ਲੱਭਣ ਅਤੇ ਸੁਰੱਖਿਅਤ ਕਰਨ ਲਈ ਸਿਰਫ਼ ਦੋ ਮਹੀਨੇ ਦਿੱਤੇ ਜਾ ਰਹੇ ਹਨ। ਜੇਕਰ ਉਹ ਦਿੱਤੇ ਗਏ ਸਮੇਂ ਦੇ ਅੰਦਰ ਨੌਕਰੀ ਪ੍ਰਾਪਤ ਕਰਨ ਵਿਚ ਅਸਫਲ ਰਹਿੰਦੇ ਹਨ, ਤਾਂ ਉਨ੍ਹਾਂ ‘ਤੇ ਅਮਰੀਕਾ ਛੱਡਣ ਦਾ ਖ਼ਤਰਾ ਹੈ। ਇਸ ਦਾ ਮਤਲਬ ਹੈ ਕਿ ਇਕ ਪਾਸੇ ਨੌਕਰੀ ਖੁੱਸਣ ਦਾ ਖ਼ਤਰਾ ਹੈ, ਉਥੇ ਹੀ ਦੂਜੇ ਪਾਸੇ ਜਲਦੀ ਨਵੀਂ ਨੌਕਰੀ ਲੱਭਣ ਦਾ ਦਬਾਅ ਵੀ ਬਰਕਰਾਰ ਹੈ।
ਅਮਰੀਕੀ ਕਾਂਗਰੇਸ਼ਨਲ ਰਿਸਰਚ ਸਰਵਿਸ ਦੀ ਰਿਪੋਰਟ ਮੁਤਾਬਕ ਭਾਰਤੀ ਹੁਨਰਮੰਦ ਕਾਮਿਆਂ ਨੂੰ ਗ੍ਰੀਨ ਕਾਰਡ ਲੈਣ ਲਈ ਲੰਬਾ ਸਮਾਂ ਇੰਤਜ਼ਾਰ ਕਰਨਾ ਪੈਂਦਾ ਹੈ। ਕਈ ਵਾਰ ਉਨ੍ਹਾਂ ਨੂੰ ਸਾਰੇ ਕਿਰਤ ਕਾਨੂੰਨਾਂ ਦੀ ਪਾਲਣਾ ਕਰਨ ਦੇ ਬਾਵਜੂਦ 190 ਸਾਲ ਤੋਂ ਵੱਧ ਸਮਾਂ ਉਡੀਕ ਕਰਨੀ ਪੈਂਦੀ ਹੈ। ਇਸ ਨਾਲ ਮੁਸ਼ਕਿਲਾਂ ਹੋਰ ਵੀ ਵਧ ਗਈਆਂ ਹਨ। ਗ੍ਰੀਨ ਕਾਰਡ ਰਾਹੀਂ ਲੋਕਾਂ ਨੂੰ ਅਮਰੀਕਾ ‘ਚ ਪੱਕੇ ਤੌਰ ‘ਤੇ ਰਹਿਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ। ਭਾਰਤ ਸਮੇਤ ਕਈ ਦੇਸ਼ਾਂ ਦੇ ਨਾਗਰਿਕ ਗ੍ਰੀਨ ਕਾਰਡ ਲਈ ਅਪਲਾਈ ਕਰਦੇ ਹਨ।
ਅਮਰੀਕਾ ਦੇ ਵੀਜ਼ਾ ਨਿਯਮਾਂ ‘ਚ ਸਭ ਤੋਂ ਵੱਡਾ ਬਦਲਾਅ ਈ.ਬੀ.-5 ਵੀਜ਼ਾ ‘ਚ ਦੇਖਿਆ ਗਿਆ ਹੈ। ਵੀਜ਼ਾ ਦੀ ਇਸ ਸ਼੍ਰੇਣੀ ਦੇ ਤਹਿਤ ਗ੍ਰੀਨ ਕਾਰਡ ਪ੍ਰਾਪਤ ਕਰਨਾ ਆਸਾਨ ਹੈ। ਈ.ਬੀ.-5 ਵੀਜ਼ਾ ਲੋਕਾਂ ਨੂੰ ਕੁਝ ਪ੍ਰੋਜੈਕਟਾਂ ਵਿਚ ਨਿਵੇਸ਼ ਕਰਕੇ ਵੀਜ਼ਾ ਪ੍ਰਾਪਤ ਕਰਨ ਦੀ ਇਜਾਜ਼ਤ ਦਿੰਦਾ ਹੈ। ਹਾਲਾਂਕਿ ਇਹ ਵੀਜ਼ੇ ਦੁਨੀਆਂ ਦੇ ਸਾਰੇ ਦੇਸ਼ਾਂ ਦੇ ਨਾਗਰਿਕਾਂ ਲਈ ਹਨ, ਪਰ ਚੀਨ ਅਤੇ ਭਾਰਤ ਦੇ ਬਿਨੈਕਾਰਾਂ ਨੂੰ ਅਕਸਰ ਦੇਰੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਦੌਰਾਨ ਕੁਝ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਈ.ਬੀ.-5 ਵੀਜ਼ਾ ਲਈ ਪ੍ਰਕਿਰਿਆ ਦੇ ਸਮੇਂ ਵਿਚ ਸੁਧਾਰ ਹੋ ਰਿਹਾ ਹੈ।
ਇੰਨਾ ਹੀ ਨਹੀਂ, ਐਚ-1ਬੀ ਵੀਜ਼ਾ ਫੀਸ ਵਿਚ ਵਾਧਾ ਲਾਗੂ ਕੀਤਾ ਗਿਆ ਹੈ। ਪ੍ਰਤੀ ਲਾਭਪਾਤਰੀ ਫੀਸ 10 ਡਾਲਰ ਤੋਂ 215 ਡਾਲਰ ਤੱਕ ਵਧ ਗਈ ਹੈ। ਇਸ ਵਿਚ 2150% ਦਾ ਵਾਧਾ ਹੋਇਆ ਹੈ। ਅਰਜ਼ੀਆਂ ਦੀ ਫੀਸ ਵੀ ਵਧਾ ਦਿੱਤੀ ਗਈ ਹੈ ਅਤੇ ਪੇਪਰ ਫਾਈਲਿੰਗ 460 ਡਾਲਰ ਤੋਂ 780 ਡਾਲਰ ਹੋ ਗਈ ਹੈ। ਨਵੇਂ ਵੀਜ਼ਾ ਬਦਲਾਅ ਨੇ ਗ੍ਰੀਨ ਕਾਰਡ ਬਿਨੈਕਾਰਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਆਈ-30 ਪਟੀਸ਼ਨ ਲਈ ਆਮ ਫਾਈਲਿੰਗ ਕੀਮਤ ਹੁਣ ਪੇਪਰ ਫਾਈਲਿੰਗ ਲਈ 675 ਡਾਲਰ ਅਤੇ ਔਨਲਾਈਨ ਫਾਈਲਿੰਗ ਲਈ 625 ਡਾਲਰ ਹੈ।