ਟੈਕਸਾਸ, 29 ਅਪ੍ਰੈਲ (ਪੰਜਾਬ ਮੇਲ)- ਮੈਕਸੀਕੋ ਤੋਂ 71 ਗੈਰ-ਨਾਗਰਿਕਾਂ ਨੂੰ ਅਮਰੀਕਾ ‘ਚ ਸਮਗਲ ਕਰਨ ਦੇ ਦੋਸ਼ ਹੇਠ ਯੂ.ਐੱਸ. ਡਿਸਟ੍ਰਿਕਟ ਜੱਜ ਡਾਇਨਾ ਸਲਡਾਨਾ ਨੇ ਟੈਕਸਾਸ 48 ਸਾਲਾ ਡੈਨੀ ਫੁਏਨਟੇਸ ਨੂੰ 15 ਮਹੀਨਿਆਂ ਦੀ ਸਜ਼ਾ ਸੁਣਾਈ ਹੈ। ਸਜ਼ਾ ਤੋਂ ਬਾਅਦ ਉਹ ਤਿੰਨ ਸਾਲਾਂ ਦੀ ਨਿਗਰਾਨੀ ਦੀ ਰਿਹਾਈ ਵਿਚ ਰਹੇਗਾ। ਅਦਾਲਤੀ ਦਸਤਾਵੇਜ਼ਾਂ ਦੇ ਅਨੁਸਾਰ, 15 ਜੂਨ, 2022 ਨੂੰ ਡੈਨੀ 71 ਬੰਦਿਆਂ ਸਮੇਤ ਇਕ ਟਰੱਕ ‘ਤੇ ਆ ਰਿਹਾ ਸੀ, ਜਦੋਂ ਸੁਰੱਖਿਆ ਦਸਤਿਆਂ ਨੇ ਉਸ ਨੂੰ ਰੋਕਿਆ, ਤਾਂ ਅੱਗੋਂ ਡੈਨੀ ਘਬਰਾ ਗਿਆ। ਉਸ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਹ ਸੂਰ ਦਾ ਮਾਸ ਢੋਅ ਰਿਹਾ ਹੈ। ਸ਼ੱਕ ਪੈਣ ‘ਤੇ ਅਧਿਕਾਰੀਆਂ ਨੇ ਜਦੋਂ ਟਰੱਕ ਦੇ ਟ੍ਰੇਲਰ ਨੂੰ ਖੋਲ੍ਹ ਕੇ ਦੇਖਿਆ, ਤਾਂ ਉਸ ਵਿਚੋਂ 71 ਗੈਰ ਨਾਗਰਿਕ ਬਰਾਮਦ ਹੋਏ, ਜਿਨ੍ਹਾਂ ਵਿਚ 5 ਬੱਚੇ ਵੀ ਸ਼ਾਮਲ ਸਨ। ਬਰਾਮਦੀ ਵਕਤ ਟਰੱਕ ਦੇ ਅੰਦਰ ਕਾਫੀ ਗਰਮੀ ਸੀ, ਜਿਸ ਕਰਕੇ ਟਰੱਕ ਵਿਚ ਸਵਾਰ ਵਿਅਕਤੀਆਂ ਦੀ ਜਾਨ ਨੂੰ ਖਤਰਾ ਸੀ। ਇਸ ਰਸਤੇ ਰਾਹੀਂ ਪਹਿਲਾਂ ਵੀ ਕਾਫੀ ਸਮੱਗਲਰ ਫੜੇ ਜਾ ਚੁੱਕੇ ਸਨ ਅਤੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੀ ਆਵਾਜਾਈ ਦੌਰਾਨ ਆਪਣੀ ਜਾਨ ਤੋਂ ਵੀ ਹੱਥ ਧੋ ਬੈਠੇ ਹਨ।
ਜ਼ਿਕਰਯੋਗ ਹੈ ਕਿ ਅਮਰੀਕੀ ਸਰਕਾਰ ਮੈਕਸੀਕੋ ਰਸਤਿਓਂ ਅਮਰੀਕਾ ‘ਚ ਹੁੰਦੀ ਘੁਸਪੈਠ ਰੋਕਣ ਲਈ ਕਾਫੀ ਜੱਦੋ-ਜਹਿਦ ਕਰ ਰਹੀ ਹੈ ਅਤੇ ਪਹਿਲਾਂ ਨਾਲੋਂ ਕਾਫੀ ਸਖਤੀ ਕੀਤੀ ਗਈ ਹੈ।