#AMERICA

ਅਮਰੀਕਾ ‘ਚ ਭਾਰਤੀ ਵਿਦਿਆਰਥਣ ‘ਤੇ ਡਿੱਗੀ ਅਸਮਾਨੀ ਬਿਜਲੀ;

-ਦਿਲ ਦਾ ਦੌਰਾ ਪੈਣ ਕਾਰਨ ਹਾਲਤ ਗੰਭੀਰ
ਹਿਊਸਟਨ, 20 ਜੁਲਾਈ (ਪੰਜਾਬ ਮੇਲ)-ਅਮਰੀਕਾ ਦੀ ਹਿਊਸਟਨ ਯੂਨੀਵਰਸਿਟੀ (ਯੂ. ਐੱਚ.) ‘ਚ ਪੜ੍ਹ ਰਹੀ ਭਾਰਤੀ ਮੂਲ ਦੀ ਵਿਦਿਆਰਥਣ ‘ਤੇ ਆਸਮਾਨੀ ਬਿਜਲੀ ਡਿੱਗਣ ਕਾਰਨ ਉਸ ਦੇ ਦਿਮਾਗ ‘ਤੇ ਅਸਰ ਪਹੁੰਚਿਆ ਹੈ ਅਤੇ ਉਸ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪਰਿਵਾਰਕ ਸੂਤਰਾਂ ਅਨੁਸਾਰ ਸੁਸਰੁਨਿਆ ਕੋਡੂਰੂ ਯੂ.ਐੱਚ. ‘ਚ ਸੂਚਨਾ ਤਕਨਾਲੋਜੀ ਦੀ ਪੜ੍ਹਾਈ ਕਰ ਰਹੀ ਹੈ। 2 ਜੁਲਾਈ ਨੂੰ ਉਹ ਸੈਨ ਜੈਕਿੰਟੋ ਮੈਮੋਰੀਅਲ ਪਾਰਕ ਵਿਚ ਇਕ ਤਲਾਬ ਕੰਢੇ ਆਪਣੇ ਦੋਸਤਾਂ ਨਾਲ ਘੁੰਮ ਰਹੀ ਸੀ, ਜਦੋਂ ਉਸ ‘ਤੇ ਆਸਮਾਨੀ ਬਿਜਲੀ ਡਿੱਗ ਗਈ।
ਸੁਸਰੁਨਿਆ ਕੋਡੂਰੂ ਦੇ ਚਚੇਰੇ ਭਰਾ ਸੁਰਿੰਦਰ ਕੁਮਾਰ ਕੋਠਾ ਨੇ ਦੱਸਿਆ ਕਿ ਆਸਮਾਨੀ ਬਿਜਲੀ ਦੀ ਲਪੇਟ ਵਿਚ ਆਉਣ ਕਾਰਨ ਉਹ ਤਲਾਬ ‘ਚ ਡਿੱਗ ਗਈ। ਇਸ ਤੋਂ ਬਾਅਦ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਸ ਦੇ ਦਿਮਾਗ ‘ਤੇ ਵੀ ਅਸਰ ਪਿਆ। ਕੋਠਾ ਨੇ ਕਿਹਾ ਕਿ ਉਸ ਨੂੰ ਲੰਬੇ ਸਮੇਂ ਲਈ ਅਤੇ ਤੁਰੰਤ ਡਾਕਟਰੀ ਦੇਖਭਾਲ ਦੀ ਲੋੜ ਹੈ। ਭਾਰਤ ਵਿਚ ਰਹਿਣ ਵਾਲੇ ਕੋਡੂਰੂ ਦੇ ਮਾਪੇ ਉਸਨੂੰ ਘਰ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਨ। ਕੋਠਾ ਨੇ ਕਿਹਾ ਕਿ ਸੁਸਰੁਨਿਆ ਦੀ ਦੇਖਭਾਲ ਲਈ ਉਸਨੂੰ ਭਾਰਤ ਵਿਚ ਪਰਿਵਾਰ ਤੱਕ ਪਹੁੰਚਾਉਣ ਲਈ ਮਦਦ ਦੀ ਲੋੜ ਹੈ। ਸੁਸਰੁਨਿਆ ਦੇ ਸਾਥੀਆਂ ਨੇ ਉਸਦੇ ਇਲਾਜ ਵਿਚ ਮਦਦ ਕਰਨ ਅਤੇ ਉਸਨੂੰ ਉਸਦੇ ਪਰਿਵਾਰ ਨਾਲ ਦੁਬਾਰਾ ਮਿਲਾਉਣ ਲਈ ਇਕ ਆਨਲਾਈਨ ਮੁਹਿੰਮ ਸ਼ੁਰੂ ਕੀਤੀ ਹੈ।

Leave a comment