#AMERICA

ਅਮਰੀਕਾ ‘ਚ ਬੱਸ ਵਿਚ ਸਫਰ ਕਰ ਰਹੇ ਸਿੱਖ ਨੌਜਵਾਨ ‘ਤੇ ਨਸਲੀ ਨਫਰਤ ਤਹਿਤ ਹਮਲਾ; ਦੋਸ਼ੀ ਫਰਾਰ

ਸੈਕਰਾਮੈਂਟੋ, 20 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਵਿਚ ਬੱਸ ਵਿਚ ਸਫਰ ਕਰ ਰਹੇ ਇਕ 19 ਸਾਲਾ ਸਿੱਖ ਨੌਜਵਾਨ ਉਪਰ ਨਸਲੀ ਨਫਰਤ ਤਹਿਤ ਹਮਲਾ ਕਰਨ ਦੀ ਖਬਰ ਹੈ। ਨਿਊਯਾਰਕ ਸਿਟੀ ਪੁਲਿਸ ਵਿਭਾਗ ਅਨੁਸਾਰ ਇਹ ਘਟਨਾ ਨਿਊਯਾਰਕ ਸ਼ਹਿਰ ਵਿਚ ਮੈਟਰੋਪੋਲੀਟਨ ਟਰਾਂਸਪੋਰਟੇਸ਼ਨ ਅਥਾਰਿਟੀ ਦੀ ਬੱਸ ਵਿਚ ਰਿਚਮੰਡ ਹਿੱਲ ਖੇਤਰ ਵਿਚ 118ਵੀਂ ਸਟਰੀਟ ਤੇ ਲਾਇਬ੍ਰੇਰੀ ਐਵੀਨਿਊ ਨੇੜੇ ਵਾਪਰੀ। ਹਮਲਾਵਰ ਨੇ ਸਿੱਖ ਨੌਜਵਾਨ ਦੀ ਦਸਤਾਰ ਉਤਾਰਨ ਦੀ ਕੋਸ਼ਿਸ਼ ਕੀਤੀ। ਅਜਿਹਾ ਕਰਨ ਵਿਚ ਨਾਕਾਮ ਰਹਿਣ ‘ਤੇ ਉਸ ਨੇ ਨੌਜਵਾਨ ਉਪਰ ਹਮਲਾ ਕਰ ਦਿੱਤਾ। ਪੁਲਿਸ ਅਨੁਸਾਰ ਸਿੱਖ ਨੌਜਵਾਨ ‘ਤੇ ਹਮਲਾਵਰ ਇਕ ਸ਼ਟਲ ਬੱਸ ਵਿਚ ਸਫਰ ਕਰ ਰਹੇ ਸਨ। ਹਮਲਾਵਰ ਨੇ ਸਿੱਖ ਨੌਜਵਾਨ ਕੋਲ ਆ ਕੇ ਦਸਤਾਰ ਵੱਲ ਇਸ਼ਾਰਾ ਕਰਕੇ ਕਿਹਾ ‘ਅਸੀਂ ਇਸ ਦੇਸ਼ ਵਿਚ ਇਹ ਨਹੀਂ ਪਹਿਣਦੇ ਇਸ ਨੂੰ ਲਾਹ ਦੇ।’ ਇਸ ਉਪਰੰਤ ਹਮਲਾਵਰ ਨੇ ਸਿੱਖ ਨੌਜਵਾਨ ਦੇ ਸਿਰ ਦੇ ਪਿੱਛੇ, ਮੂੰਹ ਤੇ ਪਿੱਠ ਵਿਚ ਕਈ ਘਸੁੰਨ ਮਾਰੇ। ਬਾਅਦ ਵਿਚ ਹਮਲਾਵਰ ਬੱਸ ਵਿਚੋਂ ਉਤਰ ਕੇ ਫਰਾਰ ਹੋ ਗਿਆ। ਪੁਲਿਸ ਨੇ ਕਿਹਾ ਹੈ ਕਿ ਪੀੜਤ ਨੌਜਵਾਨ ਮਾਮੂਲੀ ਜ਼ਖਮੀ ਹੋਇਆ ਹੈ। ਉਸ ਨੇ ਮੌਕੇ ਉਪਰ ਕਿਸੇ ਤਰ੍ਹਾਂ ਦੀ ਡਾਕਟਰੀ ਸਹਾਇਤਾ ਲੈਣ ਤੋਂ ਇਨਕਾਰ ਕਰ ਦਿੱਤਾ। ਪੁਲਿਸ ਨੇ ਸ਼ੱਕੀ ਦੋਸ਼ੀ ਦੀ ਤਸਵੀਰ ਜਾਰੀ ਕਰਦਿਆਂ ਆਮ ਲੋਕਾਂ ਨੂੰ ਉਸ ਦੀ ਗ੍ਰਿਫਤਾਰੀ ਵਿਚ ਮਦਦ ਕਰਨ ਦੀ ਅਪੀਲ ਕੀਤੀ ਹੈ। ਪੁਲਿਸ ਵੱਲੋਂ ਦੱਸੇ ਹੂਲੀਏ ਅਨੁਸਾਰ ਸ਼ੱਕੀ ਦੋਸ਼ੀ ਦੀ ਉਮਰ 25 ਤੋਂ 35 ਸਾਲ ਦਰਮਿਆਨ ਹੈ। ਤਕਰੀਬਨ 5 ਫੁੱਟ 9 ਇੰਚ ਉੱਚੇ ਇਸ ਵਿਅਕਤੀ ਦੀਆਂ ਭੂਰੀਆਂ ਅੱਖਾਂ ਤੇ ਕਾਲੇ ਵਾਲ ਹਨ। ਉਸ ਦਾ ਰੰਗ ਕਾਲਾ ਹੈ। ਸਿੱਖ ਕੁਲੀਸ਼ਨ ਨਿਊਯਾਰਕ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਇਹ ਘਟਨਾ ਬਹੁਤ ਪ੍ਰੇਸ਼ਾਨ ਕਰ ਦੇਣ ਵਾਲੀ ਹੈ। ਅਸੀਂ ਇਸ ਦੀ ਨਿੰਦਾ ਕਰਦੇ ਹਾਂ ਤੇ ਪੀੜਤ ਨੌਜਵਾਨ ਦੀ ਹਰ ਤਰ੍ਹਾਂ ਦੀ ਮਦਦ ਕਰਨ ਲਈ ਤਿਆਰ ਹਾਂ।

Leave a comment