#AMERICA

ਅਮਰੀਕਾ ‘ਚ ਪੰਜਾਬੀ ਨੌਜਵਾਨ ਬਣਿਆ ਡਿਪਟੀ ਸ਼ੈਰਿਫ

ਵਰਜੀਨੀਆ/ਗੜ੍ਹਦੀਵਾਲਾ, 26 ਜੂਨ (ਪੰਜਾਬ ਮੇਲ)- ਅਮਰੀਕਾ ‘ਚ 33 ਵਰ੍ਹਿਆਂ ਦੇ ਨੌਜਵਾਨ ਜਸਪਿੰਦਰ ਸਹੋਤਾ (ਬੱਬੂ) ਪੁੱਤਰ ਪ੍ਰੋ. ਕਸ਼ਮੀਰ ਸਿੰਘ ਨੇ ਅਲੈਗਜੈਂਡਰੀਆ ਵਰਜੀਨੀਆ ਸ਼ੈਰਿਫ ਡਿਪਾਰਟਮੈਂਟ ‘ਚ ਡਿਪਟੀ ਸ਼ੈਰਿਫ ਵਜੋਂ ਅਹੁਦਾ ਸੰਭਾਲਿਆ ਹੈ। ਉਹ ਪੰਜਾਬ ਦੇ ਪਿੰਡ ਗੜ੍ਹਦੀਵਾਲਾ ਦੇ ਨਜ਼ਦੀਕੀ ਪਿੰਡ ਡੱਫਰ ਦਾ ਜੰਮਪਲ ਹੈ ਅਤੇ 4 ਸਾਲ ਪਹਿਲਾਂ ਅਮਰੀਕਾ ਆਇਆ ਸੀ ਅਤੇ ਆਪਣੀ ਸਖਤ ਮਿਹਨਤ ਸਦਕਾ ਇਸ ਅਹੁਦੇ ‘ਤੇ ਪਹੁੰਚਿਆ।
ਇਸ ਖਬਰ ਨਾਲ ਉਸ ਦੇ ਪਰਿਵਾਰਿਕ ਮੈਂਬਰਾਂ ਅਤੇ ਇਲਾਕੇ ‘ਚ ਖ਼ੁਸ਼ੀ ਦੀ ਲਹਿਰ ਦੌੜ ਗਈ। ਇਸ ਮੌਕੇ ਜਸਪਿੰਦਰ ਸਹੋਤਾ ਬੱਬੂ ਦੀ ਮਾਤਾ ਨਰਿੰਦਰ ਕੌਰ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਹ ਉਸ ਦੀ ਦ੍ਰਿੜ੍ਹ ਇਰਾਦੇ ਨਾਲ ਕੀਤੀ ਸਖ਼ਤ ਮਿਹਨਤ ਦਾ ਨਤੀਜਾ ਹੈ।
4 ਸਾਲ ਪਹਿਲਾਂ ਅਮਰੀਕਾ ਆਏ ਜਸਪਿੰਦਰ ਸਹੋਤਾ ਨੇ ਇਥੇ ਸਖਤ ਮਿਹਨਤ ਕੀਤੀ। ਉਹ ਟਰੱਕ ਵੀ ਚਲਾਉਂਦਾ ਰਿਹਾ। ਉਸ ਨੇ ਦਸੰਬਰ 2022 ‘ਚ ਪੁਲਿਸ ‘ਚ ਭਰਤੀ ਹੋਣ ਲਈ ਪਹਿਲਾ ਟੈਸਟ ਦਿੱਤਾ ਸੀ ਪਰ ਕਿਸੇ ਨੂੰ ਭਿਣਕ ਨਹੀਂ ਲੱਗਣ ਦਿੱਤੀ। ਉਸ ਦੀ ਮਾਤਾ ਨੇ ਦੱਸਿਆ ਕਿ ਜਦੋਂ ਚੌਥਾ ਫਾਈਨਲ ਟੈਸਟ ਦੇਣਾ ਸੀ, ਤਾਂ ਉਸ ਵੇਲੇ ਉਨ੍ਹਾਂ ਨੂੰ ਪਤਾ ਲੱਗਿਆ ਜਦੋਂ ਫੋਨ ਕਰਕੇ ਉਸ ਨੇ ਕਿਹਾ ਕਿ ਗੁਰਦੁਆਰਾ ਗਰਨਾ ਸਾਹਿਬ ਮੱਥਾ ਟੇਕ ਕੇ ਆਓ ਅਤੇ ਅਰਦਾਸ ਕਰਿਓ ਕਿ ਉਹ ਫਾਈਨਲ ਟੈਸਟ ‘ਚ ਸਫ਼ਲ ਹੋ ਜਾਵੇ। ਉਨ੍ਹਾਂ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਕਿਹਾ ਕਿ ਸੱਚੇ ਪਾਤਸ਼ਾਹ ਨੇ ਉਸ ਦੀ ਮਿਹਨਤ ਨੂੰ ਬੂਰ ਪਾਇਆ। ਜਸਪਿੰਦਰ ਸਿੰਘ ਨੇ ਪੰਜਾਬ ਵਿਖੇ ਉਚੇਰੀ ਸਿੱਖਿਆ (ਭੌਤਿਕ ਵਿਚ ਮਾਸਟਰ ਡਿਗਰੀ ਅਤੇ ਬੀ.ਐਡ) ਹਾਸਲ ਕੀਤੀ।

Leave a comment