ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤ ‘ਚ ਮੌਤ

20
Share

ਜੈਂਤੀਪੁਰ, 14 ਮਈ (ਪੰਜਾਬ ਮੇਲ)-ਆਪਣੇ ਸੁਨਹਿਰੀ ਭਵਿੱਖ ਦੀ ਆਸ ਲਾ ਕੇ ਅਮਰੀਕਾ ਗਏ ਨੌਜਵਾਨ ਦੀ ਅਚਾਨਕ ਭੇਦਭਰੇ ਹਾਲਾਤ ਵਿਚ ਮੌਤ ਹੋ ਜਾਣ ਨਾਲ ਇਲਾਕੇ ‘ਚ ਸੋਗ ਦੀ ਲਹਿਰ ਦੌੜ ਗਈ। ਇਸ ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਜਗਰੂਪ ਸਿੰਘ ਦੇ ਪਿਤਾ ਅਵਤਾਰ ਸਿੰਘ ਵਾਸੀ ਪਿੰਡ ਚਾਚੋਵਾਲੀ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਸਟੱਡੀ ਵੀਜ਼ੇ ‘ਤੇ ਅਮਰੀਕਾ ਵਿਖੇ 5 ਮਹੀਨੇ ਪਹਿਲਾਂ ਗਿਆ ਸੀ ਅਤੇ ਉਨ੍ਹਾਂ ਨੇ ਆਪਣੇ ਬੱਚੇ ਦੇ ਭਵਿੱਖ ਖਾਤਿਰ 18 ਲੱਖ ਰੁਪਏ ਕਰਜ਼ਾ ਚੁੱਕ ਕੇ ਆਪਣੇ ਬੱਚੇ ਨੂੰ ਵਿਦੇਸ਼ ਭੇਜਿਆ ਸੀ ਪਰ ਉੱਥੇ ਅਚਾਨਕ ਉਸ ਦੀ ਮੌਤ ਹੋ ਜਾਣ ਦੀ ਖ਼ਬਰ ਸੁਣਦੇ ਹੀ ਪਰਿਵਾਰਕ ਮੈਂਬਰਾਂ ‘ਚ ਸੋਗ ਦੀ ਲਹਿਰ ਦੌੜ ਗਈ।
ਇਸ ਸਬੰਧੀ ਵੱਡੀ ਗਿਣਤੀ ‘ਚ ਮ੍ਰਿਤਕ ਨੌਜਵਾਨ ਦੇ ਘਰ ਪਹੁੰਚੇ ਪਿੰਡ ਵਾਸੀਆਂ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਜਗਰੂਪ ਸਿੰਘ ਬਹੁਤ ਹੀ ਮਿਹਨਤੀ ਵਿਦਿਆਰਥੀ ਸੀ ਅਤੇ ਆਪਣੀ ਮੁੱਢਲੀ ਪੜ੍ਹਾਈ ‘ਚ ਹਮੇਸ਼ਾ ਪਹਿਲੀਆਂ ਪੁਜ਼ੀਸ਼ਨਾਂ ਪ੍ਰਾਪਤ ਕਰਦਾ ਰਿਹਾ ਹੈ ਅਤੇ ਉਸ ਤੋਂ ਪਿੰਡ ਵਾਸੀਆਂ ਨੂੰ ਬਹੁਤ ਆਸਾਂ ਸਨ। ਜ਼ਿਕਰਯੋਗ ਹੈ ਕਿ ਜਗਰੂਪ ਸਿੰਘ ਦਾ ਵਿਆਹ ਕੁਝ ਸਮਾਂ ਪਹਿਲਾਂ ਅਮਨਦੀਪ ਕੌਰ ਨਾਲ ਹੋਇਆ ਸੀ ਅਤੇ ਉਸ ਦੀ 2 ਮਹੀਨਿਆਂ ਦੀ ਛੋਟੀ ਬੱਚੀ ਵੀ ਹੈ। ਅਖੀਰ ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ ਨੇ ਸੂਬਾ ਸਰਕਾਰ ਅਤੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਕਿ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ ਅਤੇ ਮ੍ਰਿਤਕ ਜਗਰੂਪ ਸਿੰਘ ਦੀ ਲਾਸ਼ ਨੂੰ ਭਾਰਤ ਲਿਆਂਦਾ ਜਾਵੇ।


Share