4 ਰਾਜਾਂ ਵਿਚ ਹਿੰਦੀ ਪੜ੍ਹਾਉਣ ਵਾਲੇ ਸਕੂਲ; ਦੂਜੀ ਭਾਸ਼ਾ ਵਜੋਂ ਚੁਣਨ ਦਾ ਵਿਕਲਪ
ਵਾਸ਼ਿੰਗਟਨ, 3 ਜੂਨ (ਪੰਜਾਬ ਮੇਲ)- ਅਮਰੀਕਾ ਦੇ ਸਕੂਲਾਂ ਵਿਚ ਪ੍ਰਾਇਮਰੀ ਪੱਧਰ ‘ਤੇ ਹਿੰਦੀ ਭਾਸ਼ਾ ਦੀ ਪੜ੍ਹਾਈ ਲਈ ਰਾਹ ਖੁੱਲ੍ਹ ਗਿਆ ਹੈ। ਸੱਤਾਧਾਰੀ ਡੈਮੋਕ੍ਰੇਟਿਕ ਪਾਰਟੀ ਸੰਗਠਨ ਏਸ਼ੀਆ ਸੋਸਾਇਟੀ (ਏ.ਐੱਸ.) ਅਤੇ ਇੰਡੀਅਨ ਅਮਰੀਕਨ ਇਮਪੈਕਟ (ਆਈ.ਏ.ਆਈ.) ਨਾਲ ਜੁੜੇ 100 ਤੋਂ ਜ਼ਿਆਦਾ ਜਨ ਪ੍ਰਤੀਨਿਧੀਆਂ ਨੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਇਸ ਸੰਬੰਧ ‘ਚ ਪ੍ਰਸਤਾਵ ਸੌਂਪਿਆ ਹੈ। ਇਸ ਵਿਚ 816 ਕਰੋੜ ਰੁਪਏ ਦੇ ਫੰਡ ਨਾਲ 1 ਹਜ਼ਾਰ ਸਕੂਲਾਂ ਵਿਚ ਹਿੰਦੀ ਦੀ ਪੜ੍ਹਾਈ ਸ਼ੁਰੂ ਹੋਵੇਗੀ। ਸੰਭਾਵਨਾ ਹੈ ਕਿ ਭਾਰਤ ਪ੍ਰਤੀ ਬਾਇਡਨ ਦੇ ਸਕਾਰਾਤਮਕ ਰਵੱਈਏ ਅਤੇ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਦੇ ਮੱਦੇਨਜ਼ਰ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਜਾਵੇਗੀ। ਹਿੰਦੀ ਭਾਸ਼ਾ ਦੀ ਪੜ੍ਹਾਈ ਅਗਲੇ ਸਾਲ ਸਤੰਬਰ ਤੋਂ ਸ਼ੁਰੂ ਹੋ ਸਕਦੀ ਹੈ। ਏ.ਐੱਸ. ਅਤੇ ਆਈ.ਏ.ਆਈ. ਨੇ ਹਿੰਦੀ ਭਾਸ਼ਾ ਦੀ ਪੜ੍ਹਾਈ ਸ਼ੁਰੂ ਕਰਨ ‘ਤੇ ਅਧਿਆਪਕਾਂ ਦੀ ਵਿਵਸਥਾ ਅਤੇ ਕੋਰਸ ਸ਼ੁਰੂ ਕਰਨ ‘ਚ ਮਦਦ ਦਾ ਭਰੋਸਾ ਦਿੱਤਾ ਹੈ।
ਪ੍ਰਾਇਮਰੀ ਜਮਾਤਾਂ ਤੋਂ ਸ਼ੁਰੂ ਹੋਣ ਵਾਲੀ ਹਿੰਦੀ ਦੀ ਪੜ੍ਹਾਈ ਵਿਚ ਅੰਗਰੇਜ਼ੀ ਤੋਂ ਬਾਅਦ ਹਿੰਦੀ ਨੂੰ ਦੂਜੀ ਭਾਸ਼ਾ ਵਜੋਂ ਚੁਣਨ ਦਾ ਵਿਕਲਪ ਹੋਵੇਗਾ। ਅਮਰੀਕਾ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ ਲਗਭਗ 45 ਲੱਖ ਲੋਕਾਂ ਵਿਚੋਂ 9 ਲੱਖ ਤੋਂ ਵੱਧ ਲੋਕਾਂ ਦੁਆਰਾ ਹਿੰਦੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਰਤੀ ਭਾਸ਼ਾ ਹੈ। ਇਸ ਸਮੇਂ ਅਮਰੀਕਾ ਵਿਚ ਹਾਈ ਸਕੂਲ ਪੱਧਰ ‘ਤੇ ਹਿੰਦੀ ਦੇ ਕੋਰਸ ਚਲਾਏ ਜਾ ਰਹੇ ਹਨ। ਇਸ ਵਿਚ ਹਿੰਦੀ ਦਾ ਸਿਰਫ਼ ਮੁੱਢਲਾ ਅਧਿਐਨ ਹੀ ਪੜ੍ਹਾਇਆ ਜਾਂਦਾ ਹੈ। ਇੰਡੀਆ ਇਮਪੈਕਟ ਦੇ ਪ੍ਰਧਾਨ ਨੀਲ ਮਖੀਜਾ ਦਾ ਕਹਿਣਾ ਹੈ ਕਿ ਜਦੋਂ ਬੱਚਿਆਂ ਨੂੰ ਸ਼ੁਰੂਆਤੀ ਜਮਾਤਾਂ ਤੋਂ ਹਿੰਦੀ ਨਹੀਂ ਸਿਖਾਈ ਜਾਂਦੀ ਅਤੇ ਜਦੋਂ ਅਚਾਨਕ ਹਾਈ ਸਕੂਲ ਪੱਧਰ ‘ਤੇ ਹਿੰਦੀ ਭਾਸ਼ਾ ਦਾ ਵਿਕਲਪ ਆਉਂਦਾ ਹੈ ਤਾਂ ਬੱਚੇ ਇਸ ਭਾਸ਼ਾ ਨੂੰ ਬਿਲਕੁਲ ਨਹੀਂ ਸਮਝਦੇ। ਹੁਣ ਬੱਚੇ ਪ੍ਰਾਇਮਰੀ ਜਮਾਤਾਂ ਤੋਂ ਹਿੰਦੀ ਸ਼ੁਰੂ ਕਰਨ ਦਾ ਲਾਭ ਲੈ ਸਕਣਗੇ।
ਅਮਰੀਕਾ ਦੇ ਜ਼ਿਆਦਾਤਰ ਸਕੂਲਾਂ ਵਿਚ ਇਸ ਸਮੇਂ ਸਪੈਨਿਸ਼ ਨੂੰ ਦੂਜੀ ਭਾਸ਼ਾ ਵਜੋਂ ਪੜ੍ਹਾਇਆ ਜਾਂਦਾ ਹੈ। ਉੱਤਰੀ ਕੈਰੋਲੀਨਾ ਦੇ ਵ੍ਹਿਪ ਜੇ ਚੌਧਰੀ ਦਾ ਕਹਿਣਾ ਹੈ ਕਿ ਅਤੀਤ ਵਿਚ ਅਮਰੀਕਾ ਨੂੰ ਸਪੈਨਿਸ਼ ਬੋਲਣ ਵਾਲੇ ਦੇਸ਼ਾਂ ਵਿੱਚ ਆਰਥਿਕ ਹਿੱਤਾਂ ਲਈ ਸਪੈਨਿਸ਼ ਨੂੰ ਸਮਝਣ ਵਾਲੀ ਪੀੜ੍ਹੀ ਪੈਦਾ ਕਰਨੀ ਪਈ। ਪਰ ਹੁਣ ਚੀਜ਼ਾਂ ਬਦਲ ਰਹੀਆਂ ਹਨ। ਇਸ ਦਹਾਕੇ ਦੇ ਅੰਤ ਤੱਕ ਭਾਰਤ ਤੀਜੀ ਆਰਥਿਕ ਸ਼ਕਤੀ ਬਣ ਜਾਵੇਗਾ। ਅਜਿਹੇ ‘ਚ ਅਮਰੀਕਾ ਦਾ ਟੀਚਾ ਹੋਣਾ ਚਾਹੀਦਾ ਹੈ ਕਿ ਅਜਿਹੀ ਪੀੜ੍ਹੀ ਹਿੰਦੀ ਪੜ੍ਹ ਕੇ ਸਕੂਲਾਂ ‘ਚੋਂ ਨਿਕਲੇ, ਜਿਸ ਨੂੰ ਭਾਰਤ ਦੀ ਚੰਗੀ ਸਮਝ ਹੋਵੇ। ਸਪੈਨਿਸ਼ ਬੋਲਣ ਵਾਲੇ ਦੇਸ਼ ਹੁਣ ਆਰਥਿਕ ਤੌਰ ‘ਤੇ ਸਫਲ ਨਹੀਂ ਰਹੇ ਹਨ। ਹਿੰਦੀ ਭਾਸ਼ਾ ਜਾਣਨ ਵਾਲੇ ਅਮਰੀਕੀ ਨੌਜਵਾਨਾਂ ਲਈ ਆਉਣ ਵਾਲੇ ਸਾਲਾਂ ਵਿਚ ਭਾਰਤ ਦੇ ਨਿਰਮਾਣ, ਖੇਤੀਬਾੜੀ ਅਤੇ ਆਈ.ਟੀ. ਖੇਤਰ ਵਿਚ ਸੰਭਾਵਨਾਵਾਂ ਵਧਣਗੀਆਂ।
ਅਮਰੀਕਾ ਵਿਚ ਭਾਰਤੀ ਬਹੁਲਤਾ ਵਾਲੇ ਰਾਜਾਂ ਨਿਊਜਰਸੀ, ਟੈਕਸਾਸ, ਨਿਊਯਾਰਕ ਅਤੇ ਕੈਲੀਫੋਰਨੀਆ ਵਿਚ ਹਿੰਦੀ ਪੜ੍ਹਾਉਣ ਵਾਲੇ ਤਕਰੀਬਨ 10 ਸਕੂਲ ਹਨ।