#Featured

ਅਮਰੀਕਾ ‘ਚ ਪੁਲਿਸ ਅਫਸਰਾਂ ਹੱਥੋਂ ਮਾਰੇ ਗਏ ਦੋ ਕਾਲੇ ਵਿਅਕਤੀਆਂ ਦੇ ਮਾਪਿਆਂ ਵੱਲੋਂ ਨਿਆਂ ਦੀ ਮੰਗ

* ਵਕੀਲ ਨੇ ਕਿਹਾ: ਪੁਲਿਸ ਦੀ ਕਹਾਣੀ ਵਿਚ ਸਾਨੂੰ ਨਹੀਂ ਹੈ ਵਿਸ਼ਵਾਸ
ਸੈਕਰਾਮੈਂਟੋ, 28 ਅਗਸਤ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਹਾਲ ਹੀ ਵਿਚ ਸ਼ੈਲਬਾਈ ਕਾਊਂਟੀ, ਟੇਨੈਸੀ ਵਿਚ ਲਾਅ ਇਨਫੋਰਸਮੈਂਟ ਅਫਸਰਾਂ ਨਾਲ ਵੱਖ-ਵੱਖ ਕਥਿਤ ਹਿਰਾਸਤੀ ਮੁਕਾਬਲਿਆਂ ਵਿਚ ਮਾਰੇ ਗਏ ਦੋ ਕਾਲੇ ਵਿਅਕਤੀਆਂ ਦੇ ਮਾਪਿਆਂ ਨੇ ਇਕ ਪ੍ਰੈੱਸ ਕਾਨਫਰੰਸ ਕਰਕੇ ਨਿਆਂ ਦੀ ਮੰਗ ਕੀਤੀ ਹੈ। ਪ੍ਰੈੱਸ ਕਾਨਫਰੰਸ ਜਿਸ ਵਿਚ ਪੀੜਤਾਂ ਦਾ ਵਕੀਲ ਬੈਨ ਕਰੰਪ ਵੀ ਹਾਜ਼ਰ ਸੀ, ਵਿਚ ਮਾਪਿਆਂ ਨੇ ਪਾਰਦਰਸ਼ਤਾ ਤੇ ਨਿਆਂ ਦੀ ਮੰਗ ਕੀਤੀ ਹੈ। ਹਾਲਾਂਕਿ ਇਨ੍ਹਾਂ ਦੋਨਾਂ ਮਾਮਲਿਆਂ ਦਾ ਆਪਸ ‘ਚ ਸਬੰਧ ਨਹੀਂ ਹੈ ਪਰੰਤੂ ਪੀੜਤ ਪਰਿਵਾਰਾਂ ਦਾ ਦਰਦ ਇਕੋ ਜਿਹਾ ਹੈ। ਜਰਵੇਆਨ ਹਡਸਪੈਥ (21) ਦੀ ਮੌਤ ਸ਼ੈਲਬਾਈ ਕਾਊਂਟੀ ਸ਼ੈਰਿਫ ਦਫਤਰ ਦੇ ਡਿਪਟੀ ਵੱਲੋਂ ਉਸ ਨੂੰ ਇਕ ਟਰੈਫਿਕ ਸਟਾਪ ‘ਤੇ ਰੋਕੇ ਜਾਣ ਉਪਰੰਤ ਇਸ ਸਾਲ 24 ਜੂਨ ਨੂੰ ਹੋਈ ਸੀ, ਜਦਕਿ ਦੂਸਰੇ ਕਾਲੇ ਵਿਅਕਤੀ ਕਰਟਨੀ ਰੋਸ ਦੀ ਮੌਤ ਇਸ ਮਹੀਨੇ ਅਗਸਤ ‘ਚ ਮੈਮਫਿਸ ਪੁਲਿਸ ਵੱਲੋਂ ਹਿਰਾਸਤ ਵਿਚ ਲੈਣ ਦੌਰਾਨ ਹੋਈ ਸੀ। ਪ੍ਰੈੱਸ ਕਾਨਫਰੰਸ ‘ਚ ਹਡਸਪੈਥ ਦੀ ਮਾਂ ਚਰਲੋਟ ਹੈਗਟ ਨੇ ਕਿਹਾ ਕਿ ਉਸ ਦਾ ਬੇਟਾ ਕਾਲਜ ਦਾ ਵਿਦਿਆਰਥੀ ਸੀ ਤੇ ਉਹ ਦੋ ਦਿਨਾਂ ਤੋਂ ਲਾਪਤਾ ਸੀ। ਉਪਰੰਤ ਸ਼ੈਰਿਫ ਦਫਤਰ ਵੱਲੋਂ ਦੱਸਿਆ ਗਿਆ ਕਿ ਉਹ ਕਾਰ ਹਾਦਸੇ ‘ਚ ਮਾਰਿਆ ਗਿਆ ਹੈ। ਉਸ ਨੇ ਦੋਸ਼ ਲਾਇਆ ਕਿ ਅਸਲ ਵਿਚ ਉਸ ਦੀ ਮੌਤ ਡਿਪਟੀ ਵੱਲੋਂ ਚਲਾਈ ਗੋਲੀ ਨਾਲ ਹੋਈ ਹੈ। ਸ਼ੇਲਬੀ ਕਾਊਂਟੀ ਡਿਸਟ੍ਰਿਕਟ ਅਟਾਰਨੀ ਦੇ ਦਫਤਰ ਵੱਲੋਂ ਘਟਨਾ ਦੇ ਦੋ ਮਹੀਨੇ ਬਾਅਦ ਬੀਤੇ ਦਿਨੀਂ ਜਾਰੀ ਵੀਡੀਓ ਵਿਚ ਇਕ ਡਿਪਟੀ ਹਡਸਪੈਥ ਨੂੰ ਆਪਣੇ ਵੱਲ ਖਿੱਚ ਰਿਹਾ ਨਜ਼ਰ ਆ ਰਿਹਾ ਹੈ। ਹਡਸਪੈਥ ਡਿਪਟੀ ਦੀਆਂ ਹਦਾਇਤਾਂ ਮੰਨਦਾ ਹੋਇਆ ਕਾਰ ਵਿਚੋਂ ਬਾਹਰ ਆ ਜਾਂਦਾ ਹੈ। ਟੇਨੈਸੀ ਜਾਂਚ ਬਿਊਰੋ ਦੀ ਰਿਪੋਰਟ ਅਨੁਸਾਰ ਹਡਸਪੈਥ ਮੁੜ ਆਪਣੀ ਕਾਰ ਨੂੰ ਭਜਾ ਕੇ ਲਿਜਾਣ ਦਾ ਯਤਨ ਕਰਦਾ ਹੈ, ਜਿਸ ਦੌਰਾਨ ਉਹ ਡਿਪਟੀ ਨੂੰ ਆਪਣੀ ਕਾਰ ਦੇ ਨਾਲ ਹੀ ਤਕਰੀਬਨ 100 ਗਜ ਧੂਹ ਕੇ ਲੈ ਜਾਂਦਾ ਹੈ। ਇਸ ਦੌਰਾਨ ਹੀ ਡਿਪਟੀ ਵੱਲੋਂ ਚਲਾਈ ਗੋਲੀ ਨਾਲ ਉਹ ਜ਼ਖਮੀ ਹੋ ਜਾਂਦਾ ਹੈ, ਜਿਸ ਦੀ ਬਾਅਦ ਵਿਚ ਮੌਤ ਹੋ ਜਾਂਦੀ ਹੈ। ਇਸ ਘਟਨਾ ਵਿਚ ਡਿਪਟੀ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਸੀ। ਰੋਸ ਦੀ ਮੌਤ ਇਸ ਮਹੀਨੇ ਦੇ ਸ਼ੁਰੂ ਵਿਚ ਹੋਈ ਸੀ। ਇਸ ਮਾਮਲੇ ਵਿਚ ਮੈਮਫਿਸ ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਰੋਕੇ ਜਾਣ ‘ਤੇ ਉਸ ਨੇ ਭੱਜਣ ਦਾ ਯਤਨ ਕੀਤਾ, ਜਿਸ ਦੌਰਾਨ ਉਹ ਬੁਰੀ ਤਰ੍ਹਾਂ ਹਫ ਗਿਆ ਸੀ ਤੇ ਬਾਅਦ ਵਿਚ ਦਮ ਤੋੜ ਗਿਆ ਸੀ। ਦੋਨਾਂ ਪੀੜਤ ਪਰਿਵਾਰਾਂ ਦੀ ਪ੍ਰਤੀਨਿੱਧਤਾ ਕਰਦਿਆਂ ਹੋਇਆਂ ਮਨੁੱਖੀ ਹੱਕਾਂ ਸਬੰਧੀ ਵਕੀਲ ਬੈਨ ਕਰੰਪ ਨੇ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਨਿਹੱਥੇ ਕਾਲੇ ਵਿਅਕਤੀ ਪੁਲਿਸ ਨਾਲ ਗੱਲਬਾਤ ਉਪਰੰਤ ਮਾਰੇ ਜਾਂਦੇ ਹਨ। ਇਹ ਭਰੋਸਾ ਤੋੜਨ ਵਾਲਾ ਵਰਤਾਰਾ ਹੈ। ਸਾਨੂੰ ਪੁਲਿਸ ਦੀ ਕਹਾਣੀ ਵਿਚ ਵਿਸ਼ਵਾਸ ਨਹੀਂ ਹੈ।

 

Leave a comment