ਸੈਕਰਾਮੈਂਟੋ, 27 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਡੈਕਸਟਰ ਰੀਡ (26) ਨਾਮੀ ਕਾਲੇ ਵਿਅਕਤੀ ਜਿਸ ਦੀ ਪਿਛਲੇ ਮਹੀਨੇ ਸ਼ਿਕਾਗੋ ਵਿਚ ਇਕ ਟਰੈਫਿਕ ਨਾਕੇ ‘ਤੇ ਪੁਲਿਸ ਵੱਲੋਂ ਚਲਾਈਆਂ ਗੋਲੀਆਂ ਕਾਰਨ ਮੌਤ ਹੋ ਗਈ ਸੀ, ਦੇ ਪਰਿਵਾਰ ਨੇ ਸ਼ਹਿਰੀ ਪ੍ਰਸ਼ਾਸਨ ਤੇ ਪੁਲਿਸ ਅਫਸਰਾਂ ਵਿਰੁੱਧ ਸੰਘੀ ਸਿਵਿਲ ਰਾਈਟਸ ਪਟੀਸ਼ਨ ਦਾਇਰ ਕੀਤੀ ਹੈ। ਯੂ.ਐੱਸ. ਡਿਸਟ੍ਰਿਕਟ ਕੋਰਟ ਨਾਰਦਰਨ ਡਿਸਟ੍ਰਿਕਟ ਆਫ ਇਲੀਨੋਇਸ, ਈਸਟਰਨ ਡਵੀਜ਼ਨ ਵਿਚ ਦਾਇਰ 81 ਸਫਿਆਂ ‘ਤੇ ਆਧਾਰਿਤ ਪਟੀਸ਼ਨ ‘ਚ ਦੋਸ਼ ਲਾਇਆ ਗਿਆ ਹੈ ਕਿ ਪੁਲਿਸ ਅਫਸਰਾਂ ਨੇ ਗੈਰ ਕਾਨੂੰਨੀ ਟਰੈਫਿਕ ਸਟਾਪ ਬਣਾਇਆ ਤੇ ਗੋਲੀਬਾਰੀ ਵਿਚ ਬਹੁਤ ਜ਼ਿਆਦਾ ਤਾਕਤ ਦੀ ਵਰਤੋਂ ਕੀਤੀ। ਦੋਸ਼ ਲਾਇਆ ਗਿਆ ਹੈ ਕਿ ਸ਼ਹਿਰ ਦਾ ਪ੍ਰਸ਼ਾਸਨ ਗੈਰਸੰਵਿਧਾਨਕ ਟਰੈਫਿਕ ਨਾਕੇ ਬਣਾਉਂਦਾ ਹੈ ਤੇ ਅਥਾਹ ਤਾਕਤ ਦੀ ਵਰਤੋਂ ਕਰਨਾ ਉਸ ਦਾ ਇਕ ਢੰਗ ਤਰੀਕਾ ਬਣ ਗਿਆ ਹੈ। ਪਟੀਸ਼ਨ ਵਿਚ ਹੋਰ ਦੋਸ਼ ਲਾਇਆ ਗਿਆ ਹੈ ਕਿ ਸ਼ਹਿਰੀ ਪ੍ਰਸ਼ਾਸਨ ਨੇ ਅਮੈਰਕੀਨਜ਼ ਵਿਦ ਡਿਸਏਬਿਲਟੀਜ਼ ਐਕਟ ਦੀ ਉਲੰਘਣਾ ਕੀਤੀ ਹੈ ਕਿਉਂਕਿ ਰੀਡ ਪੋਸਟ ਟਰੌਮੈਟਿਕ ਸਟਰੈਸ ਆਰਡਰ ਤੋਂ ਪੀੜਤ ਸੀ। ਸਿਵਿਲ ਰਾਈਟਸ ਅਟਾਰਨੀ ਐਂਡਰੀਊ ਐਮ ਸਟਰੋਥ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਪੁਲਿਸ ਅਫਸਰਾਂ ਦੀ ਕਾਰਵਾਈ ਤੇ ਸ਼ਿਕਾਗੋ ਸ਼ਹਿਰ ਦੇ ਅਫਸਰਾਂ ਵੱਲੋਂ ਕਾਰਵਾਈ ਨਾ ਕਰਨ ਕਾਰਨ ਡੈਕਸਟਰ ਰੀਡ ਅੱਜ ਜ਼ਿੰਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਡੈਕਸਟਰ ਨੂੰ ਵਾਪਸ ਨਹੀਂ ਲਿਆ ਸਕਦਾ ਪਰੰਤੂ ਉਸ ਦਾ ਪਰਿਵਾਰ ਨਹੀਂ ਚਾਹੁੰਦਾ ਕਿ ਸ਼ਿਕਾਗੋ ਸ਼ਹਿਰ ਵਿਚ ਇਸ ਤਰ੍ਹਾਂ ਦੀ ਘਟਨਾ ਹੋਰ ਕਿਸੇ ਨਾਲ ਵਾਪਰੇ। ਇਸ ਗੋਲੀਬਾਰੀ ਦੀ ਪੁਲਿਸ ਜਵਾਬਦੇਹੀ ਸਬੰਧੀ ਸਿਵਲੀਅਨ ਦਫਤਰ ਵੱਲੋਂ ਜਾਂਚ ਚੱਲ ਰਹੀ ਹੈ ਤੇ ਜਾਂਚ ਇਹ ਤੈਅ ਕਰੇਗੀ ਕਿ ਕੀ ਸਬੰਧਤ ਪੁਲਿਸ ਅਫਸਰਾਂ ਵਿਰੁੱਧ ਅਪਰਾਧਕ ਦੋਸ਼ ਆਇਦ ਹੋਣਗੇ ਜਾਂ ਨਹੀਂ।