ਸੈਕਰਾਮੈਂਟੋ, 2 ਅਕਤੂਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੀ ਕੁੱਕ ਕਾਊਂਟੀ (ਇਲੀਨੋਇਸ) ਵਿਚ ਇਕ ਅਦਾਲਤ ਵੱਲੋਂ 2 ਸਾਬਕਾ ਪੁਲਿਸ ਅਫਸਰਾਂ ਨੂੰ ਇਕ ਨਿਹੱਥੇ ਵਿਅਕਤੀ ਉਪਰ ਗੋਲੀ ਚਲਾਉਣ ਸਮੇਤ ਹੋਰ ਗੰਭੀਰ ਦੋਸ਼ਾਂ ਤੋਂ ਮੁਕਤ ਕਰ ਦੇਣ ਦੀ ਖਬਰ ਹੈ। ਸਾਰਜੈਂਟ ਕ੍ਰਿਸਟੋਫਰ ਲਿਅਕੋਪੋਲਸ ਤੇ ਪੁਲਿਸ ਅਫਸਰ ਰੂਬਨ ਰੇਅਨੋਸੋ ਵਿਰੁੱਧ ਜੁਲਾਈ 2022 ਵਿਚ ਨਿਹੱਥੇ ਮਿਗੂਲ ਮੈਡੀਨਾ ਨਾਮੀ ਵਿਅਕਤੀ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦੇਣ ਦੇ ਮਾਮਲੇ ਵਿਚ ਬੁਰੀ ਤਰ੍ਹਾਂ ਹਥਿਆਰ ਦੀ ਵਰਤੋਂ ਕਰਨ ਤੇ ਬੁਰਾ ਵਿਵਹਾਰ ਕਰਨ ਵਰਗੇ ਦੋਸ਼ ਆਇਦ ਕੀਤੇ ਗਏ ਸਨ। ਕੁੱਕ ਕਾਊਂਟੀ ਵਿਚ ਬੈਂਚ ਸੁਣਵਾਈ ਉਪਰੰਤ ਜੱਜ ਲਾਰੈਂਸ ਫਲੂਡ ਨੇ ਦੋਨਾਂ ਸਾਬਕਾ ਪੁਲਿਸ ਅਫਸਰਾਂ ਨੂੰ ਬਰੀ ਕਰ ਦਿੱਤਾ। ਇਹ ਜਾਣਕਾਰੀ ਕਾਊਂਟੀ ਦੀ ਸਰਕਟ ਕੋਰਟ ਦੇ ਮੁੱਖ ਜੱਜ ਦਫਤਰ ਦੇ ਇਕ ਬੁਲਾਰੇ ਮੈਰੀ ਵਿਸਨੀਵਸਕੀ ਨੇ ਦਿੱਤੀ ਹੈ। ਮੋਡੀਨਾ ਦੇ ਵਕੀਲ ਗਰੇਗੋਰੀ ਕੁਲਿਸ ਨੇ ਅਦਾਲਤ ਦੇ ਫੈਸਲੇ ਉਪਰ ਪ੍ਰਤੀਕਰਮ ਪ੍ਰਗਟ ਕਰਦਿਆਂ ਕਿਹਾ ਹੈ ਕਿ ਉਹ ਨਿਰਾਸ਼ ਹੋਏ ਹਨ ਪਰੰਤੂ ਹੈਰਾਨ ਨਹੀਂ ਹਨ।” ਵਕੀਲ ਨੇ ਕਿਹਾ ਵੀਡੀਓ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਮੋਡੀਨਾ ਦੇ ਹੱਥ ਉਪਰ ਹਨ ਤੇ ਉਸ ਕੋਲ ਕੋਈ ਹਥਿਆਰ ਨਹੀਂ ਹੈ। ਉਸ ਨੇ ਪੁਲਿਸ ਅਫਸਰਾਂ ਵਿਰੁੱਧ ਕੋਈ ਅਪਰਾਧ ਨਹੀਂ ਕੀਤਾ। ਪੁਲਿਸ ਅਫਸਰਾਂ ਨੇ ਮੈਡੀਨਾ ਨੂੰ ਇਕ ਤਰ੍ਹਾਂ ਮਾਰ ਦੇਣ ਦੇ ਇਰਾਦੇ ਨਾਲ ਹੀ ਗੋਲੀਆਂ ਚਲਾਈਆਂ ਸਨ।”