#AMERICA

ਅਮਰੀਕਾ ‘ਚ ਦੋ ਵਿਦਿਆਰਥਣਾਂ ਵੱਲੋਂ ਕਾਲੀ ਵਿਦਿਆਰਥਣ ‘ਤੇ ਕਾਲਾ ਪੇਂਟ ਮਲਣ ਤੇ ਨਸਲੀ ਟਿੱਪਣੀਆਂ ਕਰਨ ਦੀ ਵੀਡੀਓ ਵਾਇਰਲ

ਸੈਕਰਾਮੈਂਟੋ, 13 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ‘ਚ ਫਿਲਾਡੈਲਫੀਆ ਦੇ ਇਕ ਹਾਈ ਸਕੂਲ ਦੀਆਂ ਦੋ ਵਿਦਿਆਰਥਣਾਂ ਵੱਲੋਂ ਇਕ ਕਾਲੀ ਵਿਦਿਆਰਥਣ ਦੇ ਚੇਹਰੇ ਉਪਰ ਕਾਲੇ ਰੰਗ ਦੀ ਸਪਰੇਅ ਕਰਨ ਤੇ ਨਸਲੀ ਟਿੱਪਣੀਆਂ ਕਰਨ ਦੀ ਵੀਡੀਓ ਸੋਸ਼ਲ ਮੀਡੀਆ ਉਪਰ ਵਾਇਰਲ ਹੋਣ ਤੋਂ ਬਾਅਦ ਅਧਿਕਾਰੀਆਂ ਨੇ ਕਿਹਾ ਹੈ ਕਿ ਦੋਸ਼ੀ ਵਿਦਿਆਰਥੀਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਹੋਵੇਗੀ। ਇਹ ਵੀਡੀਓ ਸਕੂਲ ਤੋਂ ਬਾਹਰ ਬਣਾਈ ਗਈ ਹੈ। ਚੀਫ ਕਮਿਊਨੀਕੇਸ਼ਨ ਅਫਸਰ ਫਿਲਾਡੈਲਫੀਆ ਕੈਨਥ ਏ ਗਾਵਿਨ ਅਨੁਸਾਰ ਵੀਡੀਓ ਵਿਚਲੀਆਂ ਦੋ ਲੜਕੀਆਂ ਸੇਂਟ ਹੁਬਰਟ ਕੈਥੋਲਿਕ ਹਾਈ ਸਕੂਲ ਫਾਰ ਗਰਲਜ਼ ਦੀਆਂ ਹਨ, ਜਦਕਿ ਤੀਸਰੀ ਲੜਕੀ ਸਕੂਲ ਦੀ ਵਿਦਿਆਰਥਣ ਨਹੀਂ ਹੈ। ਉਨ੍ਹਾਂ ਕਿਹਾ ਕਿ ਲੜਕੀਆਂ ਦੇ ਵਿਵਹਾਰ ਨੂੰ ਵੇਖਦਿਆਂ ਅਨੁਸ਼ਾਸਨੀ ਕਾਰਵਾਈ ਤਹਿਤ ਉਨ੍ਹਾਂ ਨੂੰ ਮੁਅੱਤਲ ਕੀਤਾ ਜਾ ਸਕਦਾ ਹੈ ਤੇ ਕੌਂਸਲਿੰਗ ਲਈ ਭੇਜਿਆ ਜਾ ਸਕਦਾ ਜਾਂ ਫਿਰ ਸਕੂਲ ਵਿਚੋਂ ਕੱਢਿਆ ਵੀ ਜਾ ਸਕਦਾ ਹੈ। ਇਕ ਵੱਖਰੇ ਬਿਆਨ ਵਿਚ ਫਰੈਂਕਲਿਨ ਟਾਊਨ ਚਾਰਟਰ ਹਾਈ ਸਕੂਲ ਨੇ ਕਿਹਾ ਹੈ ਕਿ ਵੀਡੀਓ ਵਿਚ ਨਜ਼ਰ ਆ ਰਹੀ ਸਕੂਲ ਦੀ ਸਾਬਕਾ ਵਿਦਿਆਰਥਣ ਜਾਂ ਹੋਰ ਕਿਸੇ ਵੀ ਵਿਦਿਆਰਥੀ ਜਿਸ ਨੇ ਅਜਿਹਾ ਭੱਦਾ ਵਿਵਿਹਾਰ ਕੀਤਾ ਹੈ, ਲਈ ਸਾਡੇ ਸਕੂਲ ਵਿਚ ਕੋਈ ਥਾਂ ਨਹੀਂ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਵਿਚ ਇਕ ਲੜਕੀ ਇਕ ਹੋਰ ਲੜਕੀ ਦੇ ਚੇਹਰੇ ‘ਤੇ ਕਾਲੇ ਰੰਗ ਦੀ ਸਪਰੇਅ ਕਰਦੀ ਹੋਈ ਨਜ਼ਰ ਆ ਰਹੀ ਹੈ ਤੇ ਨਾਲ ਹੀ ਕਹਿੰਦੀ ਹੈ ਕਿ ਤੂੰ ਕਾਲੀ ਹੈ, ਤੂੰ ਆਪਣੀਆਂ ਜੜ੍ਹਾਂ ਬਾਰੇ ਜਾਣਦੀ ਹੈ, ਤੂੰ ਗੁਲਾਮ ਤੋਂ ਵਧ ਕੁਝ ਨਹੀਂ ਹੈ। ਵੀਡੀਓ ਵਿਚ ਹੋਰ ਲੋਕ ਇਸ ਮੌਕੇ ਹੱਸਦੇ ਹੋਏ ਸੁਣਾਈ ਦਿੰਦੇ ਹਨ। ਲੜਕੀ ਜਿਸ ਦੇ ਕਾਲਖ ਮਲੀ ਗਈ, ਉਹ ਇਸ ਦੇ ਜਵਾਬ ਵਿਚ ਕਹਿੰਦੀ ਹੈ ਕਿ ਹਾਂ ਮੈ ਕਾਲੀ ਹਾਂ, ਮੈਨੂੰ ਇਸ ਉਪਰ ਮਾਣ ਹੈ।

Leave a comment