#AMERICA

ਅਮਰੀਕਾ ’ਚ ਦੋ ਔਰਤਾਂ ਦੀ ਹੱਤਿਆ ਮਾਮਲੇ ’ਚ ਦੋਸ਼ੀ ਨੂੰ ਲਾਇਆ ਜ਼ਹਿਰ ਦਾ ਟੀਕਾ

ਸੈਕਰਾਮੈਂਟੋ, 5 ਅਕਤੂਬਰ (ਪੰਜਾਬ ਮੇਲ)-1996 ’ਚ 2 ਔਰਤਾਂ ਦੀਆਂ ਹੱਤਿਆਵਾਂ ਦੇ ਮਾਮਲੇ ’ਚ ਮਾਈਕਲ ਡੂਆਨ ਜ਼ੈਕ ਨਾਮੀ ਵਿਅਕਤੀ ਨੂੰ 1997 ’ਚ ਦੋਸ਼ੀ ਕਰਾਰ ਦਿੰਦਿਆਂ ਅਦਾਲਤ ਵੱਲੋਂ ਸੁਣਾਈ ਮੌਤ ਦੀ ਸਜ਼ਾ ਉਪਰ ਅਮਲ ਕਰਦਿਆਂ ਜ਼ਹਿਰ ਦਾ ਟੀਕਾ ਲਾ ਕੇ ਸਦਾ ਦੀ ਨੀਂਦ ਸੁਆ ਦਿੱਤਾ ਗਿਆ। ਸਟੇਟ ਡਿਪਾਰਟਮੈਂਟ ਆਫ ਕੋਰੈਕਸ਼ਨਜ ਅਨੁਸਾਰ ਜ਼ੈਕ ਨੂੰ ਬੀਤੀ ਸ਼ਾਮ ਫਲੋਰਿਡਾ ਸਟੇਟ ਜੇਲ੍ਹ ’ਚ ਮੌਤ ਦੀ ਸਜ਼ਾ ਦਿੱਤੀ ਗਈ। ਜ਼ਹਿਰ ਦਾ ਟੀਕਾ ਲਾਉਣ ਤੋਂ ਪਹਿਲਾਂ ਸਵੇਰ ਵੇਲੇ ਜ਼ੈਕ ਨੂੰ ਆਪਣੀ ਪਤਨੀ ਤੇ ਧਾਰਮਿਕ ਆਗੂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ। ਉਸ ਨੂੰ ਆਖਰੀ ਖਾਣਾ ਦਿੱਤਾ ਗਿਆ, ਪਰੰਤੂ ਉਸ ਨੇ ਖਾਣਾ ਖਾਣ ਤੋਂ ਨਾਂਹ ਕਰ ਦਿੱਤੀ। ਅਮਰੀਕੀ ਸੁਪਰੀਮ ਕੋਰਟ ਨੇ ਸੋਮਵਾਰ ਨੂੰ ਜ਼ੈਕ ਦੇ ਵਕੀਲਾਂ ਵੱਲੋਂ ਮੌਤ ਦੀ ਸਜ਼ਾ ਉਪਰ ਰੋਕ ਲਾਉਣ ਦੀ ਕੀਤੀ ਗਈ ਅਪੀਲ ਰੱਦ ਕਰ ਦਿੱਤੀ ਸੀ। ਅਦਾਲਤੀ ਰਿਕਾਰਡ ਅਨੁਸਾਰ ਦੇਸ਼ ਦੀ ਸਰਬਉੱਚ ਅਦਾਲਤ ਨੇ ਬਿਨਾਂ ਕਿਸੇ ਟਿੱਪਣੀ ਦੇ ਮੌਤ ਦੀ ਸਜ਼ਾ ਉਪਰ ਰੋਕ ਲਾਉਣ ਬਾਰੇ ਬੇਨਤੀ ਖਾਰਜ ਕਰ ਦਿੱਤੀ ਸੀ ਜਿਸ ਤੋਂ ਬਾਅਦ ਉਸ ਦੀ ਮੌਤ ਦੀ ਸਜ਼ਾ ਉਪਰ ਅਮਲ ਹੋਣਾ ਨਿਸ਼ਚਿਤ ਹੋ ਗਿਆ ਸੀ। 1997 ’ਚ ਜ਼ੈਕ ਨੂੰ ਜੂਨ 1996 ’ਚ ਰਵੋਨ ਸਮਿੱਥ ਨਾਮੀ ਔਰਤ ਦੀ ਹੱਤਿਆ ਕਰਨ ਦੇ ਮਾਮਲੇ ’ਚ ਮੌਤ ਦੀ ਸਜ਼ਾ ਸੁਣਾਈ ਗਈ ਸੀ। ਇਕ ਹੋਰ ਔਰਤ ਲਨਰਾ ਰੋਸੀਲੋ ਦੀ ਹੱਤਿਆ ਦੇ ਮਾਮਲੇ ’ਚ ਜ਼ੈਕ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ। ਗ੍ਰਿਫਤਾਰੀ ਉਪਰੰਤ ਜ਼ੈਕ ਨੇ ਰਵੋਨ ਸਮਿੱਥ ਦੀ ਹੱਤਿਆ ਕਰਨ ਦਾ ਗੁਨਾਹ ਕਬੂਲ ਕਰ ਲਿਆ ਸੀ।

Leave a comment