#AMERICA

ਅਮਰੀਕਾ ‘ਚ ਦੁਨੀਆਂ ਦੇ ਸਭ ਤੋਂ ਵੱਡੇ ਹਿੰਦੂ ਮੰਦਰ ਦਾ ਹੋਇਆ ਉਦਘਾਟਨ

ਨਿਊਜਰਸੀ, 9 ਅਕਤੂਬਰ (ਰਾਜ ਗੋਗਨਾ/ਪੰਜਾਬ ਮੇਲ)- ਦੁਨੀਆਂ ਦਾ ਦੂਜਾ ਹਿੰਦੂ ਮੰਦਰ ਸਵਾਮੀ ਨਰਾਇਣ ਅਕਸ਼ਰਧਾਮ ਜੋ ਭਾਰਤ ਤੋਂ ਬਾਹਰ ਅਮਰੀਕਾ ਦੇ ਰਾਜ ਨਿਊਜਰਸੀ ਦੇ ਟਾਊਨ ਰੋਬਿਨਸਵਿਲੇ ਵਿਖੇ ਸਥਿਤ ਹੈ, ਬੀਤੇ ਦਿਨੀਂ ਉਸ ਦਾ ਉਦਘਾਟਨ ਕੀਤਾ ਗਿਆ। ਇਸ ਅਕਸ਼ਰਧਾਮ ਮੰਦਰ ਦੇ ਸ਼ਾਨਦਾਰ ਉਦਘਾਟਨੀ ਸਮਾਰੋਹ ਵਿਚ ਭਾਰਤ ਦੇ 50 ਤੋਂ ਵੱਧ ਧਾਰਮਿਕ ਆਗੂਆਂ, ਗੁਰੂਆਂ ਤੇ ਹੋਰ ਧਰਮਾਂ ਦੇ ਨੁਮਾਇੰਦਿਆਂ ਸਮੇਤ 100 ਤੋਂ ਵੱਧ ਵਿਸ਼ੇਸ਼ ਮਹਿਮਾਨਾਂ ਨੇ ਸ਼ਿਰਕਤ ਕੀਤੀ। ਇਹ ਸਵਾਮੀਨਾਰਾਇਣ ਅਕਸ਼ਰਧਾਮ ਮੰਦਿਰ ਰੋਬਿਨਸਵਿਲੇ ਟਾਊਨਸ਼ਿਪ, ਨਿਊਜਰਸੀ ਵਿਚ ਸਥਿਤ ਹੈ, ਜੋ ਨਿਊਯਾਰਕ ਦੇ ਟਾਈਮਜ਼ ਸਕੁਏਅਰ ਤੋਂ ਲਗਭਗ 90 ਕਿਲੋਮੀਟਰ ਦੱਖਣ ਵਿਚ ਜਾਂ ਵਾਸ਼ਿੰਗਟਨ ਡੀ.ਸੀ. ਤੋਂ ਲਗਭਗ 289 ਕਿਲੋਮੀਟਰ ਉੱਤਰ ਵਿਚ ਸਥਿਤ ਹੈ।
ਇਸ ਮੰਦਰ ਨੂੰ 12,500 ਤੋਂ ਵੱਧ ਵਲੰਟੀਅਰਾਂ ਦੁਆਰਾ ਬਣਾਇਆ ਗਿਆ ਹੈ। ਇਹ ਮੰਦਰ ਬੋਚਾਸਨਵਾਸੀ ਸ਼੍ਰੀ ਅਕਸ਼ਰ ਪੁਰਸ਼ੋਤਮ ਸਵਾਮੀਨਾਰਾਇਣ ਸੰਸਥਾ ਸੰਪਰਦਾ ਦੀ ਵਿਸ਼ਵਵਿਆਪੀ ਧਾਰਮਿਕ ਅਤੇ ਨਾਗਰਿਕ ਸੰਸਥਾ ਦੁਆਰਾ ਬਣਾਏ ਗਏ ਮੰਦਰਾਂ ਵਿਚੋਂ ਇੱਕ ਹੈ। ਜੋ 18 ਅਕਤੂਬਰ ਤੋਂ ਸ਼ਰਧਾਲੂਆਂ ਲਈ ਖੋਲ੍ਹ ਦਿੱਤਾ ਜਾਵੇਗਾ। ਇਸ ਮੰਦਰ ਨੂੰ ਪ੍ਰਾਚੀਨ ਹਿੰਦੂ ਗ੍ਰੰਥਾਂ ਅਨੁਸਾਰ ਤਿਆਰ ਕੀਤਾ ਗਿਆ ਹੈ, ਜਿਸ ਵਿਚ 10 ਹਜ਼ਾਰ ਮੂਰਤੀਆਂ ਸਥਾਪਿਤ ਕੀਤੀਆਂ ਗਈਆਂ ਹਨ। ਮੰਦਰ ਵਿਚ ਭਾਰਤੀ ਸੰਗੀਤ ਯੰਤਰਾਂ ਅਤੇ ਨਾਚਾਂ ਦੀ ਨੱਕਾਸ਼ੀ ਤੋਂ ਇਲਾਵਾ ਪ੍ਰਾਚੀਨ ਭਾਰਤੀ ਸੰਸਕ੍ਰਿਤੀ ਦੇ ਡਿਜ਼ਾਈਨ ਵੀ ਸ਼ਾਮਲ ਹਨ। ਮੰਦਰ ਦੀ ਉਸਾਰੀ ਆਰਕੀਟੈਕਚਰ ਅਨੁਸਾਰ ਕੀਤੀ ਗਈ ਹੈ।

Leave a comment