-ਵਾਟਰਫਾਲ ਦਾ ਨਜ਼ਾਰਾ ਵੇਖਣ ਲਈ ਜਾਂਦੇ ਹਨ ਇਸ ਪਹਾੜੀ ‘ਤੇ ਲੋਕ
ਸੈਕਰਾਮੈਂਟੋ, 27 ਸਤੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਉੱਤਰੀ ਕੈਰੋਲੀਨਾ ਰਾਜ ਵਿਚ ਬਲਿਊ ਰਿਜ਼ ਪਾਰਕਵੇਅ ਉਪਰ ਇਕ ਉੱਚੀ ਚੱਟਾਨ ਤੋਂ ਡਿੱਗ ਕੇ ਇਕ 61 ਸਾਲਾ ਸੈਲਾਨੀ ਔਰਤ ਦੀ ਮੌਤ ਹੋ ਜਾਣ ਦੀ ਰਿਪੋਰਟ ਹੈ। ਇਹ ਉਹ ਜਗ੍ਹਾ ਹੈ, ਜਿਥੇ ਸੈਲਾਨੀ ਨਾਲ ਲੱਗਦੇ ਗਲਾਸਮਾਈਨ ਵਾਟਰਫਾਲ ਦਾ ਨਜ਼ਾਰਾ ਵੇਖਣ ਜਾਂਦੇ ਹਨ। ਨੈਸ਼ਨਲ ਪਾਰਕ ਸਰਵਿਸ ਨੇ ਇਕ ਪ੍ਰੈੱਸ ਬਿਆਨ ਵਿਚ ਕਿਹਾ ਹੈ ਕਿ ਸੂਚਨਾ ਮਿਲਣ ਉਪਰੰਤ ਬਚਾਅ ਟੀਮ ਨੇ ਇਕ ਮੋਟੇ ਅੰਦਾਜੇ ਅਨੁਸਾਰ ਚੱਟਾਨ ਤੋਂ 150 ਫੁੱਟ ਹੇਠਾਂ ਔਰਤ ਦੀ ਮ੍ਰਿਤਕ ਦੇਹ ਨੂੰ ਬਰਾਮਦ ਕਰ ਲਿਆ। ਮ੍ਰਿਤਕ ਔਰਤ ਦੀ ਪਛਾਣ ਨੈਨਸੀ ਸੈਂਪਸਨ ਵਜੋਂ ਹੋਈ ਹੈ ਜੋ ਗਰੀਰ, ਦੱਖਣੀ ਕੈਰੋਲੀਨਾ ਦੀ ਵਸਨੀਕ ਹੈ। ਰੀਮਸ ਕਰੀਕ ਫਾਇਰ ਵਿਭਾਗ ਅਨੁਸਾਰ ਔਰਤ ਦੀ ਮੌਤ ਉਸ ਦੇ ਜ਼ਖਮਾਂ ਕਾਰਨ ਹੋਈ ਹੈ ਤੇ ਜਿਸ ਸਮੇਂ ਉਹ ਪਹਾੜੀ ਉਪਰੋਂ ਡਿੱਗੀ, ਉਸ ਦੇ ਨਾਲ ਪਰਿਵਾਰ ਦਾ ਇਕ ਹੋਰ ਮੈਂਬਰ ਵੀ ਮੌਜੂਦ ਸੀ, ਜੋ ਔਰਤ ਦੇ ਹੇਠਾਂ ਡਿੱਗਣ ਉਪਰੰਤ ਬੁਰੀ ਤਰ੍ਹਾਂ ਘਬਰਾ ਗਿਆ।