ਸੈਕਰਾਮੈਂਟੋ, 6 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਮੈਰੀਲੈਂਡ ਰਾਜ ਵਿਚ ਫਰੈਡਰਿਕ ਵਿਖੇ ਜਲਣਸ਼ੀਲ ਤਰਲ ਪਦਾਰਥ ਲਿਜਾ ਰਿਹਾ ਇਕ ਟੈਂਕਰ ਉੱਲਟ ਜਾਣ ਦੀ ਖ਼ਬਰ ਹੈ। ਪ੍ਰਾਪਤ ਵੇਰਵੇ ਅਨੁਸਾਰ ਇਹ ਹਾਦਸਾ ਯੂ.ਐੱਸ. ਰੂਟ 15 ਉਪਰ ਉਸ ਵੇਲੇ ਵਾਪਰਿਆ, ਜਦੋਂ ਟੈਂਕਰ ਦੇ ਅਚਾਨਕ ਉੱਲਟਣ ਉਪਰੰਤ ਜ਼ਬਰਦਸਤ ਧਮਾਕਾ ਹੋਇਆ ਤੇ ਟੈਂਕਰ ਨੂੰ ਅੱਗ ਲੱਗੀ ਗਈ। ਧਮਾਕਾ ਏਨਾ ਜ਼ਬਰਦਸਤ ਸੀ ਕਿ ਸੜਕ ਉਪਰ ਜਾ ਰਹੇ ਹੋਰ ਵਾਹਣ ਵੀ ਅੱਗ ਦੀ ਲਪੇਟ ਵਿਚ ਆ ਗਏ। ਮੈਰੀਲੈਂਡ ਪੁਲਿਸ ਅਨੁਸਾਰ ਸੜਕ ਦੇ ਨਾਲ ਲੱਗਦੇ 3 ਘਰਾਂ ਨੂੰ ਵੀ ਅੱਗ ਲੱਗ ਗਈ। ਇਸ ਘਟਨਾ ਕਾਰਨ ਸੜਕ ਨੂੰ ਕੁਝ ਸਮੇ ਲਈ ਦੋਨਾਂ ਪਾਸਿਆਂ ਤੋਂ ਬੰਦ ਕਰ ਦਿੱਤਾ ਗਿਆ। ਫਰੈਡਰਿਕ ਕਾਊਂਟੀ ਫਾਇਰ ਚੀਫ਼ ਟੈਮ ਕੋਇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਹਾਦਸਾ ਦੁਪਹਿਰ ਦੇ ਆਸ-ਪਾਸ ਵਾਪਰਿਆ। ਇਸ ਦੇ ਤੁਰੰਤ ਬਾਅਦ ਅੱਗ ਬੁਝਾਊ ਅਮਲਾ ਮੌਕੇ ਉਪਰ ਪੁੱਜਾ, ਜਿਸ ਨੇ ਅੱਗ ਉੱਪਰ ਕਾਬੂ ਪਾਇਆ। ਉਨ੍ਹਾਂ ਕਿਹਾ ਕਿ ਇਸ ਘਟਨਾ ਵਿਚ ਹੋਰ ਕੋਈ ਮੌਤ ਹੋਣ ਜਾਂ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ। ਟੈਮ ਕੋਇ ਅਨੁਸਾਰ ਹਾਦਸੇ ਦੇ ਕਾਰਨ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਮਾਰੇ ਗਏ ਡਰਾਈਵਰ ਦਾ ਨਾਂ ਜਾਰੀ ਨਹੀਂ ਕੀਤਾ ਹੈ।