ਵਾਸ਼ਿੰਗਟਨ, 17 ਜੂਨ (ਪੰਜਾਬ ਮੇਲ)- ਬਾਇਡਨ ਪ੍ਰਸ਼ਾਸਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਾਮੀ ਫੇਰੀ ਤੋਂ ਪਹਿਲਾਂ ਇਥੇ ਅਮਰੀਕਾ ਵਿੱਚ ਕੰਮ ਕਰਨ ਤੇ ਠਹਿਰਾਅ ਲਈ ਗ੍ਰੀਨ ਕਾਰਡਾਂ ਦੀ ਉਡੀਕ ਕਰ ਰਹੇ ਪਰਵਾਸੀਆਂ ਨੂੰ ਯੋਗਤਾ ਨੇਮਾਂ ਵਿੱਚ ਛੋਟ ਦਿੱਤੀ ਹੈ। ਅਮਰੀਕੀ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਸਿਜ਼ (ਯੂਐੱਸਸੀਆਈਐੱਸ) ਨੇ ਯੋਗਤਾ ਮਾਪਦੰਡਾਂ ਵਿੱਚ ਛੋਟ ਸਬੰਧੀ ਪਾਲਿਸੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਗ੍ਰੀਨ ਕਾਰਡ, ਜਿਸ ਨੂੰ ਅਧਿਕਾਰਤ ਤੌਰ ’ਤੇ ਸਥਾਈ ਰੈਜ਼ੀਡੈਂਟ ਕਾਰਡ ਵੀ ਕਿਹਾ ਜਾਂਦਾ ਹੈ, ਅਮਰੀਕਾ ਆਉਣ ਵਾਲੇ ਪਰਵਾਸੀਆਂ ਨੂੰ ਜਾਰੀ ਕੀਤਾ ਜਾਂਦਾ ਦਸਤਾਵੇਜ਼ ਹੈ, ਜੋ ਮੁਲਕ ਵਿੱਚ ਸਥਾਈ ਤੌਰ ’ਤੇ ਰਹਿਣ ਦੀ ਅਧਿਕਾਰਤ ਗਾਰੰਟੀ ਹੈ। ਅਮਰੀਕਾ ਦਾ ਪਰਵਾਸ ਕਾਨੂੰਨ ਹਰ ਸਾਲ ਅੰਦਾਜ਼ਨ 1,40,000 ਰੁਜ਼ਗਾਰ ਅਧਾਰਿਤ ਗ੍ਰੀਨ ਕਾਰਡ ਜਾਰੀ ਕਰਨ ਦੀ ਪ੍ਰਵਾਨਗੀ ਦਿੰਦਾ ਹੈ। ਹਾਲਾਂਕਿ ਇਨ੍ਹਾਂ ਗ੍ਰੀਨ ਕਾਰਡਾਂ ਵਿੱਚੋਂ ਸੱਤ ਫੀਸਦ ਹੀ ਕਿਸੇ ਇਕ ਮੁਲਕ ਦੇ ਵਿਅਕਤੀ ਵਿਸ਼ੇਸ਼ ਨੂੰ ਜਾਰੀ ਕੀਤੇ ਜਾ ਸਕਦੇ ਹਨ। ਛੋਟ ਲਈ ਯੂ ਐੱਸ ਸੀ ਆਈ ਐੱਸ ਦੀ ਇਸ ਪੇਸ਼ਕਦਮੀ ਨਾਲ ਵੱਡੀ ਗਿਣਤੀ ਭਾਰਤੀ ਆਈ ਟੀ ਪੇਸ਼ੇਵਰਾਂ ਨੂੰ ਮਦਦ ਮਿਲੇਗੀ।