#AMERICA

ਅਮਰੀਕਾ ‘ਚ ਗੈਰਕਾਨੂੰਨੀ ਲੋਕਾਂ ਨੂੰ ਬੱਚਿਆ ਸਣੇ ਕਰਾਂਗਾ ਡਿਪੋਰਟ: ਵਿਵੇਕ ਰਾਮਾਸਵਾਮੀ

ਵਾਸ਼ਿੰਗਟਨ, 16 ਸਤੰਬਰ (ਪੰਜਾਬ ਮੇਲ)- ਵਿਵੇਕ ਰਾਮਾਸਵਾਮੀ ਨੇ ਸੰਯੁਕਤ ਰਾਜ ਅਮਰੀਕਾ ‘ਚ ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਨ ਦੀ ਸਹੁੰ ਖਾਧੀ। ਸ਼ੁੱਕਰਵਾਰ ਨੂੰ ਟਾਊਨ ਹਾਲ ਦੇ ਇੱਕ ਸਮਾਗਮ ਵਿਚ ਬੋਲਦਿਆਂ, ਵਿਵੇਕ ਨੇ ਕਿਹਾ ਕਿ ਜੇਕਰ ਉਹ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ ਉਹ ਅਮਰੀਕਾ ਵਿਚ ਪੈਦਾ ਹੋਏ ਗੈਰ-ਦਸਤਾਵੇਜ਼ੀ ਪ੍ਰਵਾਸੀਆਂ ਦੇ ਸਾਰੇ ਬੱਚਿਆਂ ਨੂੰ ਡਿਪੋਰਟ ਕਰ ਦੇਣਗੇ। ਵਿਵੇਕ ਨੇ ਪੂਰੀ ਮੁਹਿੰਮ ਦੌਰਾਨ ਖੁੱਲ੍ਹ ਕੇ ਆਪਣੀ ਰੂੜੀਵਾਦੀ ਵਿਚਾਰਧਾਰਾ ਦਾ ਪ੍ਰਗਟਾਵਾ ਕੀਤਾ ਹੈ ਅਤੇ ਇਸ ਲਈ ਉਸ ਦੀ ਪ੍ਰਸ਼ੰਸਾ ਅਤੇ ਆਲੋਚਨਾ ਵੀ ਹੋਈ ਹੈ। ਭਾਵੇਂ ਕਿ ਖੁਦ ਹਾਂ ਪੱਖੀ ਕਾਰਵਾਈ ਦਾ ਲਾਭਪਾਤਰੀ ਹੈ, ਉਹ ਇਸ ਨੂੰ ਨਸਲਵਾਦ ਸਮਝਦਾ ਹੈ ਅਤੇ ਗਰਭਪਾਤ ‘ਤੇ ਰਾਜ ਦੀ ਪਾਬੰਦੀ ਦਾ ਸਮਰਥਨ ਕਰਦਾ ਹੈ।
ਜਨਮ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਨ ‘ਚ ਅਮਰੀਕੀ ਸੰਵਿਧਾਨ ‘ਚ ਸੋਧਾਂ ਸ਼ਾਮਲ ਹੋਣਗੀਆਂ ਕਿਉਂਕਿ 14ਵੀਂ ਸੋਧ ਆਪਣੇ ਆਪ ਯੂ.ਐੱਸ. ਵਿਚ ਪੈਦਾ ਹੋਏ ਕਿਸੇ ਵੀ ਵਿਅਕਤੀ ਨੂੰ ਨਾਗਰਿਕਤਾ ਪ੍ਰਦਾਨ ਕਰਦੀ ਹੈ। ਉਨ੍ਹਾਂ ਤੋਂ ਪਹਿਲਾਂ ਡੋਨਾਲਡ ਟਰੰਪ ਨੇ ਵੀ ਅਜਿਹਾ ਹੀ ਕੁਝ ਕਰਨ ਦੀ ਸਹੁੰ ਖਾਧੀ ਸੀ ਕਿ ਜੇਕਰ ਉਹ ਦੁਬਾਰਾ ਚੁਣੇ ਜਾਂਦੇ ਹਨ। ਵਿਵੇਕ ਇੱਕ ਉੱਚ ਜਾਤੀ ਦੇ ਹਿੰਦੂ ਰਾਸ਼ਟਰਵਾਦੀ ਵਜੋਂ ਜਾਣੇ ਜਾਂਦੇ ਹਨ ਅਤੇ ਉਸਦੀ ਕਥਿਤ ਉਦਾਸੀਨਤਾ ਅਕਸਰ ਉਸਦੀ ਪਛਾਣ ਨਾਲ ਜੁੜੀ ਹੁੰਦੀ ਹੈ। ਵਿਵੇਕ ਦੇ ਇਸ ਬਿਆਨ ਨੂੰ ਲੈ ਕੇ ਜਿੱਥੇ ਕੁਝ ਕੱਟੜ ਵਾਈਟ ਉਸਦਾ ਸਮਰਥਨ ਕਰਦੇ ਦਿਖ ਰਹੇ ਹਨ, ਤਾਂ ਕੁਝ ਅਜਿਹੇ ਵੀ ਹਨ, ਜੋ ਕਹਿ ਰਹੇ ਹਨ ਕਿ ਉਨ੍ਹਾਂ ਦਾ ਅਜਿਹਾ ਭਾਸ਼ਣ ਦੇਸ਼ ਵਿਚ ਨਫਰਤ ਦਾ ਮਾਹੌਲ ਪੈਦਾ ਕਰ ਰਿਹਾ ਹੈ। ਅਮਰੀਕਾ ਇੰਮੀਗਰਾਂਟਸ ਦਾ ਮੁਲਕ ਹੈ ਅਤੇ ਅਜਿਹੇ ਬਿਆਨ ਕਰਕੇ ਉਹ ਸਿਰਫ ਆਪਣੇ ਵੱਲ ਲੋਕਾਂ ਦਾ ਧਿਆਨ ਆਕਰਸ਼ਿਤ ਕਰਨਾ ਚਾਹੁੰਦੇ ਹਨ। ਪਰ ਜੋ ਵੀ ਹੈ, ਇਸ ਵੇਲੇ ਵਿਵੇਕ ਰਾਮਾਸਵਾਮੀ ਵੱਡੇ-ਵੱਡੇ ਦਿੱਗਜਾਂ ਨੂੰ ਸਖਤ ਮੁਕਾਬਲਾ ਦਿੰਦੇ ਹੋਏ ਨਜ਼ਰ ਆ ਰਹੇ ਹਨ। ਤੇ ਉਨ੍ਹਾਂ ਨੂੰ ਟਰੰਪ ਦੇ ਬਦਲ ਦੇ ਰੂਪ ਵਿਚ ਵੀ ਕੁਝ ਲੋਕ ਦੇਖਣ ਲੱਗੇ ਹਨ।

Leave a comment