ਸੈਕਰਾਮੈਂਟੋ, 18 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੇਂਦਰੀ ਵਰਜੀਨੀਆ ਵਿਚ ਇਰਵੋ ਓਟੀਨੋ (28) ਨਾਮੀ ਇਕ ਕਾਲੇ ਵਿਅਕਤੀ ਦੀ ਹੋਈ ਮੌਤ ਦੇ ਮਾਮਲੇ ‘ਚ ਹਸਪਤਾਲ ਦੇ 3 ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਖ਼ਬਰ ਹੈ। ਸਟੇਟ ਮੈਂਟਲ ਹੈਲਥ ਫੈਸਿਲਟੀ ਜਿਥੇ ਪਿਛਲੇ ਹਫ਼ਤੇ ਓਟੀਨੋ ਦੀ ਮੌਤ ਹੋਈ ਸੀ, ਦੇ ਗ੍ਰਿਫ਼ਤਾਰ ਕੀਤੇ ਮੁਲਾਜ਼ਮਾਂ ਵਿਰੁੱਧ ਦੂਸਰਾ ਦਰਜਾ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਇਹ ਜਾਣਕਾਰੀ ਡਿਨਵਿਡੀ ਕਾਊਂਟੀ ਵਾਸਤੇ ਕਾਮਨਵੈਲਥ ਅਟਾਰਨੀ ਦੇ ਦਫ਼ਤਰ ਵੱਲੋਂ ਜਾਰੀ ਇਕ ਪ੍ਰੈੱਸ ਬਿਆਨ ਵਿਚ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਇਕ ਦਿਨ ਪਹਿਲਾਂ 7 ਸਹਾਇਕ ਪੁਲਿਸ ਅਫਸਰਾਂ ਵਿਰੁੱਧ ਦੂਸਰਾ ਦਰਜ ਕਤਲ ਦੇ ਦੋਸ਼ ਆਇਦ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਗ੍ਰਿਫ਼ਤਾਰ ਕੀਤੇ 7 ਡਿਪਟੀਆਂ ਉਪਰ ਦੋਸ਼ ਲਾਏ ਗਏ ਹਨ ਕਿ ਉਨ੍ਹਾਂ ਨੇ ਓਟੀਨੋ ਨੂੰ 12 ਮਿੰਟ ਤੱਕ ਜ਼ਮੀਨ ਉਪਰ ਨੱਪੀ ਰੱਖਿਆ, ਜਿਸ ਦੇ ਸਿੱਟੇ ਵਜੋਂ ਸਾਹ ਘੁਟਣ ਕਾਰਨ ਉਸ ਦੀ ਮੌਤ ਹੋਈ।