ਸੈਕਰਾਮੈਂਟੋ, 4 ਅਗਸਤ (ਪੰਜਾਬ ਮੇਲ)- ਅਮਰੀਕਾ ਨੇ ਵਿਦੇਸ਼ੀ ਪੇਸ਼ੇਵਰਾਂ ਵੱਲੋਂ ਬਹੁਤ ਜ਼ਿਆਦਾ ਮੰਗੇ ਜਾਣ ਵਾਲੇ H-1B ਵਰਕ ਵੀਜ਼ੇ ਲਈ ਰੈਂਡਮ ਲਾਟਰੀ ਚੋਣ ਦਾ ਦੂਜਾ ਦੌਰ ਪੂਰਾ ਕਰ ਲਿਆ ਹੈ ਅਤੇ ਸਫਲ ਬਿਨੈਕਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇੱਕ ਸੰਘੀ ਏਜੰਸੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਗੌਰਤਲਬ ਹੈ ਕਿ H-1B ਵੀਜ਼ਾ ਇੱਕ ਗੈਰ-ਪ੍ਰਵਾਸੀ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਕਿੱਤਿਆਂ ਵਿੱਚ ਵਿਦੇਸ਼ੀ ਕਾਮਿਆਂ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦਿੰਦਾ ਹੈ ਜਿਨ੍ਹਾਂ ਲਈ ਸਿਧਾਂਤਕ ਜਾਂ ਤਕਨੀਕੀ ਮੁਹਾਰਤ ਦੀ ਲੋੜ ਹੁੰਦੀ ਹੈ। ਤਕਨਾਲੋਜੀ ਕੰਪਨੀਆਂ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਰ ਸਾਲ ਹਜ਼ਾਰਾਂ ਕਰਮਚਾਰੀਆਂ ਨੂੰ ਨਿਯੁਕਤ ਕਰਨ ਲਈ ਇਸ ‘ਤੇ ਨਿਰਭਰ ਕਰਦੀਆਂ ਹਨ।
ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (USCIS) ਨੇ ਮੰਗਲਵਾਰ ਨੂੰ ਕਿਹਾ ਕਿ “ਅਸੀਂ ਵਿੱਤੀ ਸਾਲ 2024 ਦੀਆਂ ਬਾਕੀ ਰਹਿੰਦੀਆਂ ਰਜਿਸਟ੍ਰੇਸ਼ਨਾਂ ਵਿਚੋ ਰੈਂਡਮ ਢੰਗ ਨਾਲ ਚੋਣ ਕੀਤੀ ਹੈ, ਜੋ ਕੈਪ ਤੱਕ ਪਹੁੰਚਣ ਲਈ ਲੋੜੀਂਦੀ ਗਿਣਤੀ ਹੋਣ ਦਾ ਅਨੁਮਾਨ ਹੈ।” ਇਸ ਵਿਚ ਕਿਹਾ ਗਿਆ ਕਿ 1 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਵਿੱਤੀ ਸਾਲ ਲਈ ਐੱਚ-1ਬੀ ਵੀਜ਼ਾ ਲਈ ਯੋਗ ਸਾਰੇ ਸਫਲ ਬਿਨੈਕਾਰਾਂ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। USCIS ਨੂੰ ਮੁੱਖ ਤੌਰ ‘ਤੇ ਵੱਡੀ ਗਿਣਤੀ ਵਿੱਚ ਅਯੋਗ ਅਰਜ਼ੀਆਂ ਕਾਰਨ H-1B ਲਾਟਰੀ ਦਾ ਇੱਕ ਬੇਮਿਸਾਲ ਦੂਜਾ ਗੇੜ ਕਰਵਾਉਣਾ ਪਿਆ, ਜੋ ਅਪ੍ਰੈਲ ਦੇ ਪਹਿਲੇ ਹਫ਼ਤੇ ਵਿੱਚ ਆਯੋਜਿਤ ਕੀਤਾ ਜਾਂਦਾ ਹੈ।