#AMERICA

ਅਮਰੀਕਾ ‘ਚ ਇਕ ‘ਫਾਇਰ ਫਾਇਟਰ’ ਵਿਰੁੱਧ ਅਗਜ਼ਨੀ ਦੇ ਦੋਸ਼ ਆਇਦ

ਸੈਕਰਾਮੈਂਟੋ, 24 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਐਰੀਜ਼ੋਨਾ ਰਾਜ ਦੇ ਇਕ ‘ਫਾਇਰ ਫਾਇਟਰ’ ਵਿਰੁੱਧ ਅੱਗ ਲਾਉਣ ਦੀਆਂ ਘਟਨਾਵਾਂ ਵਿਚ ਸ਼ਾਮਲ ਹੋਣ ਦੇ ਦੋਸ਼ ਆਇਦ ਕੀਤੇ ਗਏ ਹਨ। ਯਾਵਾਪਾਈ ਕਾਊਂਟੀ ਸ਼ੈਰਿਫ ਦਫਤਰ ਅਨੁਸਾਰ ਉਸ ਨੇ ਕਥਿੱਤ ਤੌਰ ‘ਤੇ ਪਿਛਲੇ ਕੁਝ ਹਫਤਿਆਂ ਦੌਰਾਨ ਦੋ ਕਾਊਂਟੀਆਂ ‘ਚ ਕਈ ਥਾਵਾਂ ‘ਤੇ ਅੱਗਾਂ ਲਾਉਣ ਦਾ ਗੁਨਾਹ ਕਬੂਲ ਕਰ ਲਿਆ ਹੈ। ਅਧਿਕਾਰੀਆਂ ਨੇ ਇਸ ਫਾਇਰ ਫਾਇਟਰ ਦੀ ਕਰਸਨ ਨੂਟਰ (18) ਵਜੋਂ ਪਛਾਣ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ 8 ਥਾਵਾਂ ‘ਤੇ ਅੱਗ ਲੱਗਣ ਦੀਆਂ ਘਟਨਾਵਾਂ ‘ਚ ਪ੍ਰਮੁੱਖ ਸ਼ੱਕੀ ਦੋਸ਼ੀ ਹੈ। ਇਨ੍ਹਾਂ ਵਿਚ 15 ਜੂਨ ਤੋਂ ਬਾਅਦ ਯਾਵਾਪਾਈ ਤੇ ਕੋਕੋਨੀਨੋ ਕਾਉਂਟੀਆਂ ਵਿਚ 4 ਇਮਾਰਤਾਂ ਨੂੰ ਅੱਗ ਲੱਗਣ ‘ਤੇ 4 ਥਾਵਾਂ ‘ਤੇ ਜੰਗਲ ਵਿਚ ਅੱਗ ਲੱਗਣ ਦੀਆਂ ਘਟਨਾਵਾਂ ਸ਼ਾਮਲ ਹਨ। ਸ਼ੈਰਿਫ ਦਫਤਰ ਵੱਲੋਂ ਜਾਰੀ ਪ੍ਰੈੱਸ ਬਿਆਨ ਅਨੁਸਾਰ ਲੰਘੇ ਵੀਰਵਾਰ ਅੱਗ ਲੱਗਣ ਦੀ ਇਕ ਛੋਟੀ ਘਟਨਾ ਤੋਂ ਬਾਅਦ ਪੁਲਿਸ ਅਫਸਰਾਂ ਨੇ ਨੂਟਰ ਦੀ ਸ਼ੱਕੀ ਦੋਸ਼ੀ ਵਜੋਂ ਪਛਾਣ ਕੀਤੀ। ਬਿਆਨ ਵਿਚ ਕਿਹਾ ਗਿਆ ਹੈ ਕਿ ਨੂਟਰ ਐਸ਼ ਫੋਰਕ, ਐਰੀਜ਼ੋਨਾ ਦੇ ਅੱਗ ਬੁਝਾਊ ਵਿਭਾਗ ‘ਚ ਫਾਇਰ ਫਾਇਟਰ ਵਜੋਂ ਕੰਮ ਕਰਦਾ ਹੈ। ਸ਼ੈਰਿਫ ਦਫਤਰ ਅਨੁਸਾਰ ਨੂਟਰ ਦੀ ਜਾਂਚ ਦੀ ਸ਼ੁਰੂਆਤ ‘ਚ ਹੀ ਪ੍ਰਮੁੱਖ ਸ਼ੱਕੀ ਦੋਸ਼ੀ ਦੇ ਰੂਪ ਵਿਚ ਪਛਾਣ ਕੀਤੀ ਗਈ ਹੈ। ਉਸ ਵਿਰੁੱਧ ਯਾਵਾਪਾਈ ਕਾਊਂਟੀ ਸ਼ੈਰਿਫ ਦਫਤਰ ਡੀਟੈਨਸ਼ਨ ਸੈਂਟਰ ਵਿਚ ਇਮਰਾਤਾਂ ਜਾਂ ਜਾਇਦਾਦ ਨੂੰ ਅੱਗ ਲਾਉਣ ਦੇ 3 ਦੋਸ਼ ਤੇ ਲਾਅ ਇਨਫੋਰਸਮੈਂਟ ਨੂੰ ਝੂਠੀਆਂ ਰਿਪੋਰਟਾਂ ਕਰਨ ਦੇ 5 ਦੋਸ਼ ਲਾਏ ਗਏ ਹਨ।

Leave a comment