ਸੈਕਰਾਮੈਂਟੋ, 5 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਨਿਊਪੋਰਟ ਨਿਊਜ, ਵਰਜੀਨੀਆ ਦੇ ਰਿਚਨੈੱਕ ਐਲੀਮੈਂਟਰੀ ਸਕੂਲ ਦੀ ਫਸਟ ਗਰੇਡ ਅਧਿਆਪਕਾ ਜਿਸ ਉਪਰ ਇਸ ਸਾਲ ਦੇ ਸ਼ੁਰੂ ਵਿਚ ਇਕ 6 ਸਾਲ ਦੇ ਵਿਦਿਆਰਥੀ ਵੱਲੋਂ ਗੋਲੀ ਚਲਾਈ ਗਈ ਸੀ, ਨੇ ਅਦਾਲਤ ਵਿਚ ਸਕੂਲ ਪ੍ਰਸ਼ਾਸਕਾਂ ਤੇ ਸਕੂਲ ਬੋਰਡ ਵਿਰੁੱਧ ਪਟੀਸ਼ਨ ਦਾਇਰ ਕਰਕੇ 4 ਕਰੋੜ ਡਾਲਰ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਐਬੀਗੇਲ ਵਰਨਰ (25) ਵੱਲੋਂ ਦਾਇਰ ਪਟੀਸ਼ਨ ਵਿਚ ਦੋਸ਼ ਲਾਇਆ ਗਿਆ ਹੈ ਕਿ ਸਕੂਲ ਪ੍ਰਸ਼ਾਸਕ ਤੇ ਸਕੂਲ ਬੋਰਡ ਵਿਦਿਆਰਥੀ ਦੇ ਹਿੰਸਕ ਰਵੱਈਏ ਤੋਂ ਜਾਣੂ ਸਨ ਪਰੰਤੂ ਉਨ੍ਹਾਂ ਨੇ ਲੋੜੀਂਦੇ ਕਦਮ ਨਹੀਂ ਚੁੱਕੇ, ਜਿਸ ਕਾਰਨ ਵਿਦਿਆਰਥੀ ਕਲਾਸ ਵਿਚ ਹਥਿਆਰ ਲਿਆਉਣ ਵਿਚ ਕਾਮਯਾਬ ਰਿਹਾ। ਅਧਿਆਪਕਾ ਨੇ ਕਿਹਾ ਹੈ ਕਿ ਸਕੂਲ ਦਾ ਸਟਾਫ ਤੇ ਪ੍ਰਸ਼ਾਸਕ ਜਾਣਦੇ ਸਨ ਕਿ ਬੱਚਾ ਆਪਣੇ ਘਰ ਵਿਚ ਹਿੰਸਕ ਹੋ ਜਾਂਦਾ ਸੀ ਤੇ ਬੱਚੇ ਦੇ ਮਾਪਿਆਂ ਨੇ ਉਸ ਨੂੰ ਵਿਸ਼ੇਸ਼ ਕਲਾਸ ਰੂਮ ਵਿਚ ਪੜ੍ਹਾਉਣ ਤੋਂ ਨਾਂਹ ਕਰ ਦਿੱਤੀ ਸੀ। ਪਟੀਸ਼ਨ ‘ਚ ਦੋਸ਼ ਲਾਇਆ ਗਿਆ ਹੈ ਕਿ ਸਹਾਇਕ ਪ੍ਰਿੰਸੀਪਲ ਨੇ ਅਧਿਆਪਕਾਂ ਤੇ ਸਟਾਫ ਮੈਂਬਰਾਂ ਵੱਲੋਂ ਬੱਚੇ ਬਾਰੇ ਪ੍ਰਗਟਾਈ ਗਈ ਚਿੰਤਾ ਵੱਲ ਧਿਆਨ ਨਹੀਂ ਦਿੱਤਾ, ਜਿਸ ਕਾਰਨ 6 ਜਨਵਰੀ ਨੂੰ ਗੋਲੀਬਾਰੀ ਦੀ ਘਟਨਾ ਵਾਪਰੀ। ਜ਼ਿਕਰਯੋਗ ਹੈ ਕਿ ਬੱਚੇ ਵੱਲੋਂ ਚਲਾਈ ਗੋਲੀ ਅਧਿਆਪਕਾ ਦੇ ਹੱਥ ਉਪਰ ਲੱਗੀ ਸੀ, ਜਿਸ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਸੀ।