ਵਾਸ਼ਿੰਗਟਨ, 18 ਸਤੰਬਰ (ਰਾਜ ਗੋਗਨਾ/ਪੰਜਾਬ ਮੇਲ)-ਅਮਰੀਕਾਜ਼ ਗੌਟ ਟੈਲੇਂਟ ਵਿਚ ਪਛਾਣ ਬਣਾਉਣ ਵਾਲੀ 17 ਸਾਲਾ ਐਮਿਲੀ ਗੋਲਡ ਨਾਂ ਦੀ ਅਮਰੀਕੀ ਲੜਕੀ ਵੱਲੋਂ ਖੁਦਕੁਸ਼ੀ ਕਰਨ ਦਾ ਦੁੱਖਦ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਦਰਦਨਾਕ ਘਟਨਾ ਨਾਲ ਉਸ ਦੇ ਪ੍ਰਸ਼ੰਸਕ, ਸਾਥੀ ਡਾਂਸਰ ਅਤੇ ਸ਼ੁਭਚਿੰਤਕ ਡੂੰਘੇ ਸਦਮੇ ਵਿਚ ਹਨ। ਖੁਦਕੁਸ਼ੀ ਪਿੱਛੇ ਦਾ ਭੇਤ ਅਜੇ ਵੀ ਸੁਲਝਿਆ ਨਹੀਂ ਹੈ। ਕੈਲੀਫੋਰਨੀਆ ਦੀ 17 ਸਾਲਾ ਐਮਿਲੀ ਗੋਲਡ ਨੇ ਅਮਰੀਕਾਜ਼ ਗੌਟ ਟੈਲੇਂਟ ਦੇ ਕੁਆਰਟਰ ਫਾਈਨਲ ਵਿਚ ਆਪਣੀ ਥਾਂ ਬਣਾ ਲਈ ਸੀ। ਉਸ ਨੇ ਲਾਸ ਓਸੋਸ ਹਾਈ ਸਕੂਲ ਦੀ ਡਾਂਸ ਟੀਮ ਦੇ ਨਾਲ ਪ੍ਰਤਿਭਾ ਸ਼ੋਅ ਵਿਚ ਵੀ ਪ੍ਰਵੇਸ਼ ਕੀਤਾ ਸੀ। ਸੈਨ ਬਰਨਾਰਡੀਨੋ ਕੋਰੋਨਰ ਦੇ ਦਫਤਰ ਦੇ ਲੋਕਾਂ ਨੇ ਖੁਲਾਸਾ ਕੀਤਾ ਹੈ ਕਿ ਇਸ ਹਾਈ ਸਕੂਲ ਦੀ ਡਾਂਸਰ ਨੇ ਬੀਤੇ ਦਿਨੀਂ ਰਾਤ 11:52 ਵਜੇ ਖੁਦਕੁਸ਼ੀ ਕਰ ਲਈ ਸੀ। ਉਸ ਦੀ ਲਾਸ਼ ਅੱਧੀ ਰਾਤ ਨੂੰ ਰੈਂਚੋ ਕੁਕਾਮੋਂਗਾ ‘ਚ ਇੱਕ ਓਵਰਪਾਸ ਦੇ ਹੇਠਾਂ ਤੋਂ ਮਿਲੀ ਸੀ। ਕੈਲੀਫੋਰਨੀਆ ਹਾਈਵੇ ਪੈਟਰੋਲ ਪਬਲਿਕ ਇਨਫਾਰਮੇਸ਼ਨ ਅਫਸਰ ਰੋਡਰੀਗੋ ਜਿਮੇਨੇਜ਼ ਨੇ ਕਿਹਾ ਕਿ ਜਦੋਂ ਅਧਿਕਾਰੀ ਘਟਨਾ ਸਥਾਨ ‘ਤੇ ਪਹੁੰਚੇ, ਤਾਂ ਉਨ੍ਹਾਂ ਨੂੰ 210 ਈਸਟਬਾਉਂਡ ਦੀ ਕਾਰਪੂਲ ਲੇਨ ਵਿਚ ਇੱਕ ਔਰਤ ਦੀ ਲਾਸ਼ ਮਿਲੀ ਸੀ, ਜਿਸ ਦੀ ਪਛਾਣ ਐਮਿਲੀ ਗੋਲਡ ਵਜੋਂ ਹੋਈ।
ਉਸਦੀ ਬੇਵਕਤੀ ਮੌਤ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਲਾਸ ਓਸੋਸ ਹਾਈ ਸਕੂਲ ਯੂਨੀਵਰਸਿਟੀ ਦੇ ਸਾਰੇ ਸਟਾਫ ਨੇ ਐਮਿਲੀ ਗੋਲਡ ਦੀ ਮੌਤ ‘ਤੇ ਡੂੰਘੇ ਸੋਗ ਦਾ ਪ੍ਰਗਟਾਵਾ ਕੀਤਾ ਅਤੇ ਇਸ ਨੂੰ ਇੰਸਟਾਗ੍ਰਾਮ ‘ਤੇ ਪੋਸਟ ਵੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਸੁੰਦਰ, ਦਿਆਲੂ ਅਤੇ ਪਿਆਰ ਕਰਨ ਵਾਲੀ ਐਮਿਲੀ ਗੋਲਡ ਸਾਡੇ ਵਿਚ ਨਹੀਂ ਰਹੀ ਅਤੇ ਇਹ ਭਾਰੀ ਦੁੱਖਦਾਈ ਸੂਚਨਾ ਹੈ ਅਤੇ ਅਸੀਂ ਇੱਕ ਸੀਨੀਅਰ ਅਤੇ ਯੂਨੀਵਰਸਿਟੀ ਦੇ ਡਾਂਸ ਕਪਤਾਨ ਦੇ ਦੇਹਾਂਤ ਨੂੰ ਸਭ ਦੇ ਨਾਲ ਦੁੱਖ ਸਾਂਝਾ ਕਰਦੇ ਹਾਂ। ਐਮਿਲੀ ਗੋਲਡ ਹਮੇਸ਼ਾ ਆਪਣੀ ਤਾਕਤ, ਵਚਨਬੱਧਤਾ, ਦਿਆਲਤਾ, ਦਇਆ ਅਤੇ ਸਭ ਤੋਂ ਨਿਮਰ ਦਿਲ ਦੁਆਰਾ ਸਾਡੀ ਕੋਰ ਟੀਮ ਦੀਆਂ ਕਦਰਾਂ-ਕੀਮਤਾਂ ਦੇ ਹਰ ਪਹਿਲੂ ਨੂੰ ਦਰਸਾਉਂਦੀ ਰਹੇਗੀ।
ਇਸ ਤੋਂ ਇਲਾਵਾ ਉਸ ਦੇ ਪਰਿਵਾਰ ਦੀ ਸਹਾਇਤਾ ਲਈ ਜੈਨੇਟ ਫਿਏਰੋ ਨਾਂ ਦੀ ਔਰਤ ਨੇ ਗੌਫੰਡਮੀ ਦੀ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਪਰਿਵਾਰ ਦੀ ਮਦਦ ਲਈ ਜਨਤਾ ਤੋਂ ਮਦਦ ਦੀ ਮੰਗ ਵੀ ਕੀਤੀ। ਇਸ ਦੌਰਾਨ ਅਧਿਕਾਰੀ ਗੋਲਡ ਦੀ ਮੌਤ ਦੇ ਬਾਰੇ ਜਾਂਚ ਕਰ ਰਹੇ ਹਨ।