#CANADA

ਅਮਰੀਕਾ-ਕੈਨੇਡਾ ਸਰਹੱਦ ਤੋਂ ਜਾਅਲੀ ਪ੍ਰਵਾਸੀਆਂ ਨੂੰ ਮੋੜਨ ਦਾ ਕੰਮ ਸ਼ੁਰੂ

* ਦੋਵਾਂ ਦੇਸ਼ਾਂ ਵਿਚਕਾਰ ਸੋਧਿਆ ਸਮਝੌਤਾ ਹੋਇਆ ਲਾਗੂ
ਟੋਰਾਂਟੋ, 30 ਮਾਰਚ (ਪੰਜਾਬ ਮੇਲ)-ਕੈਨੇਡਾ ਦੇ ਸਰਕਾਰੀ ਦੌਰੇ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ‘ਥ੍ਰਡ ਸੇਫ ਕੰਟਰੀ’ ਸਮਝੌਤੇ (2004) ‘ਚ ਸੋਧ ਦਾ ਐਲਾਨ ਕਰਕੇ ਉਸ ਨੂੰ 25 ਮਾਰਚ ਤੋਂ ਲਾਗੂ ਕਰ ਦਿੱਤਾ ਹੈ। ਹੁਣ ਜੋ ਵਿਦੇਸ਼ੀ ਨਾਗਿਰਕ ਦੋਵਾਂ ਦੇਸ਼ਾਂ ਦੀ ਸਰਹੱਦ (ਲਗਭਗ 8890 ਕਿਲੋਮੀਟਰ) ਤੋਂ ਏਧਰ-ਓਧਰ ਦਾਖਲ ਹੋਣਗੇ, ਨੂੰ ਕੈਨੇਡਾ ਦੇ ਅਧਿਕਾਰੀ (ਬੇਰੰਗ) ਅਮਰੀਕਾ ਅਤੇ ਅਮਰੀਕਾ ਦੇ ਅਧਿਕਾਰੀ ਕੈਨੇਡਾ ਵਾਪਸ ਮੋੜ ਸਕਣਗੇ। ਹੁਣ ਤੱਕ ਲੁਕ-ਛਿਪ ਕੇ ਖੁੱਲ੍ਹੇ ਜ਼ਮੀਨੀ ਰਸਤੇ ਕੈਨੇਡਾ ‘ਚ ਦਾਖਲ ਹੋਣ ਵਾਲੇ ਲੋਕਾਂ ਨੂੰ ਪੁਲਿਸ ਵੱਲੋਂ ਫੜ ਲਏ ਜਾਣ ਦੇ ਬਾਵਜੂਦ ਵਾਪਸ ਨਹੀਂ ਮੋੜਿਆ ਜਾ ਸਕਦਾ ਸੀ ਅਤੇ ਉਹ ਸ਼ਰਨਾਰਥੀ ਵਜੋਂ ਆਪਣੀ ਅਰਜ਼ੀ ਦਾਖਲ ਕਰ ਸਕਦੇ ਸਨ। ਪਰ ਨਵੇਂ ਸਮਝੌਤੇ ‘ਚ ਸਥਿਤੀ ਬਦਲ ਦਿੱਤੀ ਗਈ ਹੈ। ਥ੍ਰਡ ਸੇਫ ਕੰਟਰੀ ਸਮਝੌਤੇ ਤਹਿਤ ਜੇਕਰ ਕੋਈ ਵਿਅਕਤੀ 14 ਦਿਨਾਂ ਤੋਂ ਵੱਧ ਅਮਰੀਕਾ ‘ਚ ਹੋਵੇ ਤਾਂ ਉਸ ਨੂੰ ਉੱਥੇ ਆਪਣਾ ਸ਼ਰਨਾਰਥੀ ਕੇਸ ਅਪਲਾਈ ਕਰਨਾ ਪਵੇਗਾ ਤੇ ਸਰਹੱਦ ਤੋਂ ਕੈਨੇਡਾ ‘ਚ ਦਾਖਲ ਹੋਣ ਦੀ ਕੋਸ਼ਿਸ਼ ਸਮੇਂ ਉਸ ਨੂੰ ਫੜ ਕੇ ਅਮਰੀਕਾ ਦੇ ਅਧਿਕਾਰੀਆਂ ਨੂੰ ਸੌਂਪਿਆ ਜਾਵੇਗਾ।
ਇਸੇ ਤਰ੍ਹਾਂ ਕੈਨੇਡਾ ‘ਚ 14 ਦਿਨਾਂ ਤੋਂ ਵੱਧ ਰਹਿਣ ਵਾਲੇ ਵਿਅਕਤੀਆਂ ਨੂੰ ਅਮਰੀਕੀ ਅਧਿਕਾਰੀ ਕੈਨੇਡਾ ‘ਚ ਵਾਪਸ ਮੋੜ ਸਕਣਗੇ। ਇਸ ਸਮਝੌਤੇ ਤਹਿਤ ਕੈਨੇਡਾ ਸਰਕਾਰ ਵੱਲੋਂ ਅਜੇ ਵੀ ਉਨ੍ਹਾਂ ਲੋਕਾਂ ਨੂੰ ਰਾਹਤ ਦਿੱਤੀ ਗਈ ਹੈ, ਜਿਨ੍ਹਾਂ ਦੇ ਪਰਿਵਾਰ ਦੇ ਜੀਅ (ਪਤੀ ਜਾਂ ਪਤਨੀ ਤੇ ਬੱਚੇ) ਕੈਨੇਡਾ ‘ਚ ਰਹਿ ਰਹੇ ਹਨ ਜਾਂ ਉਨ੍ਹਾਂ ਦਾ ਸ਼ਰਨਾਰਥੀ ਕੇਸ ਮਨਜ਼ੂਰ ਹੋਇਆ ਜਾਂ ਕੇਸ ਫਾਇਲ ਕੀਤਾ ਹੋਇਆ ਹੋਵੇ। ਇਸ ਰਾਹਤ ‘ਚ ਕੈਨੇਡਾ ‘ਚ ਰਹਿ ਰਹੇ ਸਟੱਡੀ ਪਰਮਿਟ ਅਤੇ ਵਰਕ ਪਰਮਿਟ ਧਾਰਕਾਂ ਦੇ ਜੀਆਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਜੇਕਰ ਕਿਸੇ ਵਿਅਕਤੀ ਨੂੰ ਅਮਰੀਕਾ ‘ਚ ਅਦਾਲਤ ਨੇ ਮੌਤ ਦੀ ਸਜ਼ਾ ਦਿੱਤੀ ਹੋਵੇ, ਉਹ ਵਿਅਕਤੀ ਵੀ ਕੈਨੇਡਾ ਵੱਲੋਂ ਵਾਪਸ ਨਹੀਂ ਕੀਤਾ ਜਾਵੇਗਾ, ਪਰ ਉਹ ਵਿਦੇਸ਼ੀ ਨਾਗਰਿਕ ਇਸ ਰਾਹਤ ਦਾ ਲਾਭ ਨਹੀਂ ਲੈ ਸਕਣਗੇ, ਜੋ ਗੰਭੀਰ ਅਪਰਾਧਾਂ ਅਤੇ ਮਨੁੱਖਤਾ ਵਿਰੁੱਧ ਜ਼ੁਲਮ ਕਰਨ ਦੇ ਦੋਸ਼ੀ ਹੋਣ। ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਦੇ ਅੰਕੜਿਆਂ ਅਨੁਸਾਰ ਬੀਤੇ ਸਾਲ (365 ਦਿਨ) ਦੌਰਾਨ 39500 ਤੋਂ ਵੱਧ ਵਿਦੇਸ਼ੀ ਨਾਗਰਿਕ ਅਮਰੀਕਾ ਤੋਂ ਕੈਨੇਡਾ ‘ਚ ਦਾਖਲ ਹੋਏ ਸਨ ਅਤੇ ਲਗਭਗ ਉਹ ਸਾਰੇ ਕਿਊਬਕ ਪ੍ਰਾਂਤ ਦੀ ਅਮਰੀਕਾ ਨਾਲ ਲੱਗਦੀ ਸਰਹੱਦ (ਰੌਕਸਹੈਮ ਰੋਡ) ਰਾਹੀਂ ਪੁੱਜੇ ਸਨ। ਦੂਸਰੇ ਪਾਸੇ ਉਸੇ ਸਮੇਂ ਦੌਰਾਨ ਕੈਨੇਡਾ ਤੋਂ ਅਮਰੀਕਾ ਜਾਣ ਦੀ ਕੋਸ਼ਿਸ਼ ‘ਚ 3577 ਵਿਦੇਸ਼ੀ ਨਾਗਰਿਕ ਕਾਬੂ ਆਏ ਸਨ। ਨਵੇਂ ਸਮਝੌਤੇ ਅਨੁਸਾਰ ਕੈਨੇਡਾ ਵੱਲੋਂ ਇਸ ਸਾਲ ਦੌਰਾਨ ਮੱਧ ਅਤੇ ਦੱਖਣੀ ਅਮਰੀਕਾ (ਮਹਾਦੀਪ) ਦੇ ਦੇਸ਼ਾਂ ਤੋਂ 15,000 ਸ਼ਰਨਾਰਥੀ ਪ੍ਰਵਾਨ ਕੀਤੇ ਜਾਣਗੇ।

Leave a comment