#AMERICA

ਅਮਰੀਕਾ, ਕੈਨੇਡਾ, ਯੂਰੋਪੀ ਯੂਨੀਅਨ ਤੇ ਡੈਨਮਾਰਕ ਵੱਲੋਂ ਟਿਕਟੌਕ ‘ਤੇ ਪਾਬੰਦੀ

-ਵ੍ਹਾਈਟ ਹਾਊਸ ਵੱਲੋਂ ਆਪਣੀਆਂ ਸੰਘੀ ਏਜੰਸੀਆਂ ਨੂੰ 30 ਦਿਨਾਂ ਦੀ ਮੋਹਲਤ
ਵਾਸ਼ਿੰਗਟਨ, 1 ਮਾਰਚ (ਪੰਜਾਬ ਮੇਲ)- ਅਮਰੀਕਾ, ਯੂਰੋਪੀ ਯੂਨੀਅਨ, ਕੈਨੇਡਾ ਤੇ ਡੈਨਮਾਰਕ ਨੇ ਚੀਨੀ ਮਾਲਕੀ ਵਾਲੇ ਵੀਡੀਓ ਸ਼ੇਅਰਿੰਗ ਐਪ ‘ਟਿਕਟੌਕ’ ਉੱਤੇ ਪਾਬੰਦੀ ਲਾ ਦਿੱਤੀ ਹੈ। ਇਨ੍ਹਾਂ ਮੁਲਕਾਂ ਨੇ ਸਾਰੇ ਸਰਕਾਰੀ ਯੰਤਰਾਂ (ਮੋਬਾਈਲਾਂ) ‘ਚੋਂ ਐਪ ਹਟਾਉਣ ਲਈ ਆਖ ਦਿੱਤਾ ਹੈ। ਵ੍ਹਾਈਟ ਹਾਊਸ ਨੇ ਆਪਣੀਆਂ ਸੰਘੀ ਏਜੰਸੀਆਂ ਨੂੰ ਇਸ ਕੰਮ ਲਈ 30 ਦਿਨਾਂ ਦੀ ਮੋਹਲਤ ਦਿੱਤੀ ਹੈ। ਅਮਰੀਕਾ ਦੇ ਪ੍ਰਬੰਧਨ ਤੇ ਬਜਟ ਦਫ਼ਤਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਇਹ ਐਪ ਸੰਵੇਦਨਸ਼ੀਲ ਸਰਕਾਰੀ ਡੇਟਾ ਲਈ ਵੱਡਾ ਜ਼ੋਖ਼ਮ ਖੜ੍ਹਾ ਕਰ ਸਕਦਾ ਹੈ। ਰੱਖਿਆ, ਗ੍ਰਹਿ ਤੇ ਵਿਦੇਸ਼ ਵਿਭਾਗ ਸਣੇ ਕੁਝ ਹੋਰ ਏਜੰਸੀਆਂ ਐਪ ‘ਤੇ ਪਾਬੰਦੀ ਲਈ ਪਹਿਲਾਂ ਹੀ ਲੋੜੀਂਦੀਆਂ ਹਦਾਇਤਾਂ ਜਾਰੀ ਕਰ ਚੁੱਕੀਆਂ ਹਨ। ਡੈਨਮਾਰਕ ਦੀ ਸੰਸਦ ਨੇ ਵੀ 179 ਮੈਂਬਰੀ ਅਸੈਂਬਲੀ ‘ਚ ਕੰਮ ਕਰਦੇ ਮੁਲਾਜ਼ਮਾਂ ਤੇ ਕਾਨੂੰਨਘਾੜਿਆਂ ਨੂੰ ਸਾਈਬਰ ਸੁਰੱਖਿਆ ਉਪਰਾਲਿਆਂ ਦੇ ਮੱਦੇਨਜ਼ਰ ਆਪੋ ਆਪਣੇ ਮੋਬਾਈਲ ਫੋਨਾਂ ‘ਚੋਂ ਟਿਕਟੌਕ ਐਪ ਹਟਾਉਣ ਲਈ ਆਖ ਦਿੱਤਾ ਹੈ। ਸੰਸਦ ਨੇ ਕਿਹਾ ਕਿ ਇਸ ਐਪ ਦੇ ਫੋਨ ਵਿਚ ਹੋਣ ਨਾਲ ਜਾਸੂਸੀ ਦਾ ਜ਼ੋਖ਼ਮ ਹੋ ਸਕਦਾ ਹੈ। ਚੀਨੀ ਮਾਲਕੀ ਵਾਲਾ ‘ਟਿਕਟੌਕ’ ਵੀਡੀਓ ਸ਼ੇਅਰਿੰਗ ਐਪ ਹੈ ਤੇ ਸੁਰੱਖਿਆ ਤੇ ਡੇਟਾ ਪ੍ਰਾਈਵੇਸੀ ਨਾਲ ਜੁੜੇ ਫਿਕਰਾਂ ਕਰਕੇ ਕੁਝ ਯੂਰੋਪੀ ਮੁਲਕਾਂ ਵਿਚ ਵੀ ਇਸ ਐਪ ਨੂੰ ਬੰਦ ਕਰਨ ਦੀ ਲਗਾਤਾਰ ਮੰਗ ਉੱਠ ਰਹੀ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਪੇਈਚਿੰਗ ਪੱਖੀ ਨਜ਼ਰੀਏ ਦੇ ਪ੍ਰਚਾਰ ਪਸਾਰ ਜਾਂ ਵਰਤੋਕਾਰਾਂ ਦੀ ਸੂਚਨਾ ‘ਚ ਸੰਨ੍ਹ ਲਈ ‘ਟਿਕਟੌਕ’ ਦੀ ਵਰਤੋਂ ਕੀਤੀ ਜਾ ਸਕਦੀ ਹੈ। ਡੈਨਿਸ਼ ਸੰਸਦ ਦੇ ਸਪੀਕਰ ਸੋਰੇਨ ਗੇਡ ਨੇ ਕਿਹਾ ਕਿ ਕਾਨੂੰਨਘਾੜਿਆਂ ਤੇ ਮੁਲਾਜ਼ਮਾਂ ਨੂੰ ਇਕ ਈਮੇਲ ਭੇਜ ਕੇ ਟਿਕਟੌਕ ਐਪ ਨੂੰ ਡਿਲੀਟ ਕੀਤੇ ਜਾਣ ਦੀ ਜ਼ੋਰਦਾਰ ਸਿਫ਼ਾਰਸ਼ ਕੀਤੀ ਗਈ ਹੈ। ਡੈਨਿਸ਼ ਅਸੈਂਬਲੀ ਨੇ ਦੇਸ਼ ਦੇ ਸਾਈਬਰ ਸੁਰੱਖਿਆ ਬਾਰੇ ਕੇਂਦਰ ਵੱਲੋਂ ਕੀਤੀ ਸਮੀਖਿਆ ਮਗਰੋਂ ਉਪਰੋਕਤ ਸਿਫਾਰਸ਼ ਕੀਤੀ ਹੈ।

Leave a comment