ਅਮਰੀਕਨ ਸਿੱਖ ਕਾਕਸ ਕਮੇਟੀ ਵੱਲੋਂ ਦੱਖਣੀ ਏਸ਼ੀਆ ਖਿੱਤੇ ’ਚ ਘੱਟ ਗਿਣਤੀਆਂ ਨਾਲ ਹੋ ਰਹੀ ਧੱਕੇਸ਼ਾਹੀ ਵਿਰੁੱਧ ਅਹਿਮ ਮੀਟਿੰਗ

41
Share

– ਡਾ. ਪ੍ਰਿਤਪਾਲ ਸਿੰਘ ਨੇ ਅਫਗਾਨਿਸਤਾਨ ਦੇ ਗੁਰਦੁਆਰੇ ’ਚ ਵਾਪਰੀ ਮੰਦਭਾਗੀ ਘਟਨਾ ਦੀ ਕੀਤੀ ਨਿਖੇਧੀ
– ਯੂ.ਐੱਨ. ਨੇਸ਼ਨਜ਼ ਵਿਚ ਵੀ ਇਸ ਮਸਲੇ ’ਤੇ ਉਠਾਈ ਜਾ ਰਹੀ ਹੈ ਆਵਾਜ਼: ਡਿਾ. ਇਕਤਿਦਾਰ ਚੀਮਾ
ਫਰੀਮਾਂਟ, 29 ਜੂਨ (ਪੰਜਾਬ ਮੇਲ)- ਅਫਗਾਨਿਸਤਾਨ ’ਚ ਗੁਰਦੁਆਰੇ ’ਤੇ ਹੋਏ ਹਮਲੇ ਅਤੇ ਦੱਖਣੀ ਏਸ਼ੀਆ ਦੇ ਖਿੱਤੇ ਵਿਚ ਘੱਟ ਗਿਣਤੀਆਂ ਨਾਲ ਹੋ ਰਹੀ ਧੱਕੇਸ਼ਾਹੀ ਵਿਰੁੱਧ ਇਕ ਅਹਿਮ ਮੀਟਿੰਗ ਹੋਈ। ਅਮਰੀਕਨ ਸਿੱਖ ਕਾਕਸ ਕਮੇਟੀ ਵੱਲੋਂ ਆਯੋਜਿਤ ਇਸ ਮੀਟਿੰਗ ਵਿਚ ਈਸਟ ਕੋਸਟ ਸਿੱਖ ਕੋਆਰਡੀਨੇਟਰ ਕਮੇਟੀ, ਯੂਨਾਈਟਿਡ ਸਿੱਖਸ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਇਲਾਵਾ ਅਮਰੀਕਾ ਦੇ ਵੱਖ-ਵੱਖ ਗੁਰੂਘਰਾਂ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਡਾ. ਪ੍ਰਿਤਪਾਲ  ਸਿੰਘ ਨੇ ਅਫਗਾਨਿਸਤਾਨ ਦੇ ਗੁਰਦੁਆਰੇ ਵਿਚ ਹੋਈ ਮੰਦਭਾਗੀ ਘਟਨਾ ਦੀ ਨਿਖੇਧੀ ਕੀਤੀ। ਸਿੱਖਾਂ ਉਪਰ ਕਾਤਿਲਾਨਾ ਹਮਲਾ ਕਰਨ ਵਾਲੇ ਆਈ.ਐੱਸ.ਆਈ.ਐੱਸ. ਦੇ ਹਮਲਾਵਰਾਂ ਨੂੰ ਅਫਗਾਨਿਸਤਾਨ ਦੇ ਸੁਰੱਖਿਆ ਦਸਤਿਆਂ ਵੱਲੋਂ ਤੁਰੰਤ ਕਾਰਵਾਈ ਕਰਕੇ ਮਾਰ ਦਿੱਤਾ ਗਿਆ, ਜਿਸ ’ਤੇ ਡਾ. ਪ੍ਰਿਤਪਾਲ ਸਿੰਘ ਨੇ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਵੀ ਸਿੱਖਾਂ ਦੇ ਇਤਿਹਾਸਕ ਸਥਾਨਾਂ ਦੀ ਸਾਂਭ-ਸੰਭਾਲ ਤਾਂ ਠੀਕ ਢੰਗ ਨਾਲ ਹੋ ਰਹੀ ਹੈ, ਪਰ ਭਾਰਤ ਵਿਚ ਜਗਨਨਾਥ ਪੁਰੀ ਅਤੇ ਗਿਆਨ ਗੋਦੜੀ (ਹਰਿਦੁਆਰ) ਵਿਚ ਸਥਿਤ ਸਿੱਖਾਂ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਦੇ ਨਾਂ-ਨਿਸ਼ਾਨ ਮਿਟਾ ਦਿੱਤੇ ਗਏ।

ਮੀਟਿੰਗ ਵਿਚ ਯੂ.ਐੱਨ. ਹਿਊਮਨ ਰਾਈਟਸ ਕਮੇਟੀ ਦੇ ਡਾ. ਇਕਤਿਦਾਰ ਚੀਮਾ ਨੇ ਸਿੱਖਾਂ ਨੂੰ ਆ ਰਹੇ ਮਸਲਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਬਾਰੇ ਯੂ.ਐੱਨ. ਨੇਸ਼ਨਜ਼ ਵਿਚ ਵੀ ਆਵਾਜ਼ ਉਠਾਈ ਜਾ ਰਹੀ ਹੈ। ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਸਿੱਖ ਕਾਕਸ ਕਮੇਟੀ ਦੇ ਸੀਨੀਅਰ ਮੈਂਬਰ ਯਾਦਵਿੰਦਰ ਸਿੰਘ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਸਵੰਤ ਸਿੰਘ ਹੋਠੀ, ਅਕਾਲੀ ਦਲ ਮਾਨ ਦੇ ਰੇਸ਼ਮ ਸਿੰਘ ਬੇਕਰਜ਼ਫੀਲਡ, ਸੁਰਿੰਦਰ ਸਿੰਘ ਨਿੱਜਰ, ਅੰਮ੍ਰਿਤਪਾਲ ਸਿੰਘ ਨਿੱਜਰ, ਸੁਰਿੰਦਰ ਸਿੰਘ ਅਟਵਾਲ, ਜਸਵਿੰਦਰ ਸਿੰਘ ਜੰਡੀ, ਰਿੰਪੀ ਸਿੰਘ ਸਟਾਕਟਨ, ਹਰਪ੍ਰੀਤ ਸਿੰਘ ਸੰਧੂ, ਗੁਰਪ੍ਰੀਤ ਸਿੰਘ, ਹਰਪਾਲ ਸਿੰਘ ਅਤੇ ਗੁਰਜੀਤ ਸਿੰਘ ਹੋਠੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਆਗੂ ਹਾਜ਼ਰ ਸਨ।

Share