#PUNJAB

ਅਮਰਿੰਦਰ ਦੀ ਗ਼ੈਰਹਾਜ਼ਰੀ ‘ਚ ਬਣਾਈ ਮਹਾਰਾਜਾ ਭੁਪਿੰਦਰ ਸਿੰਘ ਦੀ ਸਮਾਧ

– 85 ਸਾਲਾਂ ਬਾਅਦ ਪ੍ਰਨੀਤ ਕੌਰ ਤੇ ਕੈਪਟਨ ਦੇ ਛੋਟੇ ਭਰਾ ਮਾਲਵਿੰਦਰ ਸਿੰਘ ਨੇ ਬਣਵਾਈ ਸਮਾਧ
ਪਟਿਆਲਾ, 20 ਫਰਵਰੀ (ਪੰਜਾਬ ਮੇਲ)- ਸ਼ਹਿਰ ਦੀ ਵਿਰਾਸਤ ਵਜੋਂ ਜਾਣੀਆਂ ਜਾਂਦੀਆਂ ਸ਼ਾਹੀ ਸਮਾਧਾਂ ਵਿਚ 85 ਸਾਲਾਂ ਬਾਅਦ ਮਹਾਰਾਜਾ ਭੁਪਿੰਦਰ ਸਿੰਘ (12 ਅਕਤੂਬਰ 1891 ਤੋਂ 23 ਮਾਰਚ 1938) ਦੀ ਸਮਾਧ ਵੀ ਬਣਾ ਦਿੱਤੀ ਗਈ ਹੈ। ਰਵਾਇਤ ਅਨੁਸਾਰ ਦਾਦੇ ਦੀ ਸਮਾਧ ਵੱਡਾ ਪੋਤਾ ਬਣਾਉਂਦਾ ਹੈ ਪਰ ਮਹਾਰਾਜਾ ਭੁਪਿੰਦਰ ਸਿੰਘ ਦੇ ਪੋਤੇ ਕੈਪਟਨ ਅਮਰਿੰਦਰ ਸਿੰਘ ਇਹ ਸਮਾਧ ਬਣਾਉਣ ਲਈ ਨਹੀਂ ਆਏ। ਇਹ ਸਮਾਧ ਪ੍ਰਨੀਤ ਕੌਰ ਤੇ ਕੈਪਟਨ ਦੇ ਛੋਟੇ ਭਰਾ ਮਾਲਵਿੰਦਰ ਸਿੰਘ ਨੇ ਬਣਵਾਈ ਹੈ।
ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਰਿਆਸਤ ਦੇ ਮਹਾਰਾਜਿਆਂ ਅਤੇ ਉਨ੍ਹਾਂ ਦੇ ਪਰਿਵਾਰ ਵਿਚੋਂ ਜੇ ਕੋਈ ਵਿਅਕਤੀ ਫ਼ੌਤ ਹੁੰਦਾ ਹੈ, ਤਾਂ ਉਸ ਦਾ ਸਸਕਾਰ ਸ਼ਾਹੀ ਸਮਾਧਾਂ ਵਿਚ ਹੀ ਹੁੰਦਾ ਹੈ। ਸ਼ਾਹੀ ਸਮਾਧਾਂ ਵਿਚ ਪਟਿਆਲਾ ਦੇ ਬਾਨੀ ਬਾਬਾ ਆਲਾ ਸਿੰਘ ਦੀ ਵੱਡੀ ਸਮਾਧ ਬਣੀ ਹੈ, ਪਿੱਛੇ ਬਾਕੀ ਰਾਜਿਆਂ ਤੇ ਮਹਾਰਾਜਿਆਂ ਦੀਆਂ ਸਮਾਧਾਂ ਹਨ। ਇਨ੍ਹਾਂ ਸਮਾਧਾਂ ‘ਚੋਂ ਬਹੁਤੀਆਂ ਉੱਤੇ ਪਛਾਣ ਵਾਲੀਆਂ ਤਖ਼ਤੀਆਂ ਨਹੀਂ ਲੱਗੀਆਂ। ਇਸ ਸਬੰਧੀ ਮਾਲਵਿੰਦਰ ਸਿੰਘ ਨੇ ਕਿਹਾ ਕਿ ਰਿਆਸਤ ਦੀ ਪੁਰਾਤਨ ਰਵਾਇਤ ਅਨੁਸਾਰ ਮਹਾਰਾਜਾ ਦੀ ਸਮਾਧ ਉਸ ਦਾ ਅਗਲਾ ਮਹਾਰਾਜਾ ਬਣਨ ਵਾਲਾ ਵੱਡਾ ਪੋਤਾ ਹੀ ਬਣਾਉਂਦਾ ਹੈ ਪਰ ਕੈਪਟਨ ਅਮਰਿੰਦਰ ਸਿੰਘ ਸਮਾਂ ਨਾ ਹੋਣ ਕਰ ਕੇ ਮਹਾਰਾਜਾ ਭੁਪਿੰਦਰ ਸਿੰਘ ਦੀ ਸਮਾਧ ਨਾ ਬਣਵਾ ਸਕੇ। ਮਾਲਵਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਹਾਲਾਤ ਵਿਚ ਉਨ੍ਹਾਂ ਨੂੰ ਅਮਰਿੰਦਰ ਸਿੰਘ ਦੀ ਪਤਨੀ ਪ੍ਰਨੀਤ ਕੌਰ ਨੂੰ ਨਾਲ ਲੈ ਕੇ ਸਮਾਧ ਬਣਾਉਣੀ ਪਈ ਹੈ। ਕੈਪਟਨ ਅਮਰਿੰਦਰ ਸਿੰਘ ਦੇ ਪਿਤਾ ਮਹਾਰਾਜਾ ਯਾਦਵਿੰਦਰ ਸਿੰਘ (17 ਜਨਵਰੀ 1913 ਤੋਂ 17 ਜੂਨ 1974) ਦੀ ਸਮਾਧ ਉਨ੍ਹਾਂ ਦੇ ਪੋਤਰੇ ਭਾਵ ਅਮਰਿੰਦਰ ਦੇ ਪੁੱਤਰ ਰਣਇੰਦਰ ਸਿੰਘ ਨੇ ਬਣਾਉਣੀ ਹੈ, ਪਰ 49 ਸਾਲ ਬੀਤਣ ਤੋਂ ਬਾਅਦ ਵੀ ਉਨ੍ਹਾਂ ਦੀ ਸਮਾਧ ਨਹੀਂ ਬਣਾਈ ਗਈ, ਜਦੋਂਕਿ ਕੁਝ ਸਾਲ ਪਹਿਲਾਂ ਦੁਨੀਆਂ ਛੱਡ ਕੇ ਗਏ ਰਾਜ ਮਾਤਾ ਮਹਿੰਦਰ ਕੌਰ ਦੀ ਸਮਾਧ ਬਣਾ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਪਟਿਆਲਾ ਦੀ ਵਿਰਾਸਤ ਵਜੋਂ ਜ਼ਿਲ੍ਹਾ ਪ੍ਰਸ਼ਾਸਨ ਜਾਂ ਫਿਰ ਸਰਕਾਰ ਜੋ ਵੀ ਕੰਮ ਕਰਦੀ ਹੈ, ਉਸ ਦੀ ਸ਼ੁਰੂਆਤ ਸ਼ਾਹੀ ਸਮਾਧਾਂ ਤੋਂ ਹੀ ਹੁੰਦੀ ਹੈ। ਵਿਰਾਸਤੀ ਗਲੀ ਵੀ ਇੱਥੇ ਨੂੰ ਹੋ ਕੇ ਹੀ ਜਾ ਰਹੀ ਹੈ।

Leave a comment