ਬਠਿੰਡਾ, 4 ਸਤੰਬਰ (ਪੰਜਾਬ ਮੇਲ)– ਇਸਲਾਮਿਕ ਸਟੇਟ ਦੇ ਅੱਤਵਾਦੀ ਹਮਲਾਵਰਾਂ ਵਲੋਂ ਕਾਬੁਲ ਦੇ ਗੁਰਦੁਆਰਾ ਹਰਿਰਾਏ ਸਾਹਿਬ ‘ਚ 25 ਲੋਕਾਂ ਦੇ ਕਤਲ ਦੇ 3 ਸਾਲਾਂ ਤੋਂ ਵੱਧ ਸਮੇਂ ਬਾਅਦ ਅਮਰੀਕੀ ਵਿਦਿਆਰਥੀਆਂ ਨੇ ਇਸ ‘ਤੇ ਇਕ ਡਾਕੂਮੈਂਟਰੀ ਫ਼ਿਲਮ ਬਣਾਈ ਹੈ ਕਿ ਕਿਵੇਂ ਇਸ ਨੇ ਅਫ਼ਗਾਨਿਸਤਾਨ ਤੋਂ ਸਿੱਖਾਂ ਤੇ ਹੋਰ ਘੱਟਗਿਣਤੀਆਂ ਦਾ ਪਲਾਇਨ ਸ਼ੁਰੂ ਕੀਤਾ।
‘Baywatana’ ਪਹਿਲੀ ਵਾਰ ਅਮਰੀਕਾ ‘ਚ 15 ਅਗਸਤ ਨੂੰ ਦਿਖਾਈ ਗਈ। 25 ਮਾਰਚ, 2020 ਦੀ ਘਟਨਾ ‘ਤੇ ਆਧਾਰਿਤ ਤੇ ਆਨਲਾਈਨ ਚੈਨਲ ਨਿਸ਼ਕਾਮ ਟੀ.ਵੀ. ਲਈ ਬਣਾਈ ਗਈ ਇਹ 1996 ਤੋਂ ਬਾਅਦ ਕਈ ਹਮਲਿਆਂ ਦਾ ਜ਼ਿਕਰ ਕਰਦੀ ਹੈ, ਜਿਸ ‘ਚ ਆਈ.ਐੱਸ. ਤੇ ਹੋਰ ਕੱਟੜਪੰਥੀ ਸੰਗਠਨਾਂ ਨੇ ਅਫ਼ਗਾਨ ਸਿੱਖਾਂ ਤੇ ਹਿੰਦੂਆਂ ਨੂੰ ਚੁੱਪ ਕਰਵਾਉਣ ਤੇ ਉਨ੍ਹਾਂ ਦੇ ਜਜ਼ਬੇ ਦਾ ਪਰੀਖਣ ਕਰਨ ਦੀ ਕੋਸ਼ਿਸ਼ ਕੀਤੀ। ਅਫ਼ਗਾਨਿਸਤਾਨ ਤੋਂ ਘੱਟਗਿਣਤੀਆਂ ਨੂੰ ਥੋੜ੍ਹੇ-ਥੋੜ੍ਹੇ ਸਮੇਂ ਬਾਅਦ ਬਾਹਰ ਜਾਣਾ ਪਿਆ, ਜਿਨ੍ਹਾਂ ਦੀ ਗਿਣਤੀ 2020 ਤੱਕ ਘੱਟ ਕੇ ਸਿਰਫ 650 ਰਹਿ ਗਈ।
ਅਮਰੀਕੀ ਵਿਦਿਆਰਥੀਆਂ ਏਕਮ ਸਿੰਘ, ਜਸਕੀਰਤ ਸਿੰਘ, ਸਹਿਜ ਸਿੰਘ, ਤਨੀਸ਼ਾ ਕੌਰ ਕਪੂਰ, ਸੁਨੀਰ ਕੌਰ ਚੋਪੜਾ ਤੇ ਜਸਰਤਨ ਚੋਪੜਾ ਨੇ ਐਮੀ ਐਵਾਰਡ ਜੇਤੂ ਨਿਰਮਾਤਾ ਤੇ ਨਿਰਦੇਸ਼ਕ ਹਰਬਲਦੀਪ ਸਿੰਘ ਦੇ ਸਹਿਯੋਗ ਨਾਲ ਇਹ ਡਾਕੂਮੈਂਟਰੀ ਬਣਾਈ ਹੈ। ਇਹ ਡਾਕੂਮੈਂਟਰੀ ਉਨ੍ਹਾਂ ਲੋਕਾਂ ਦੇ ਇੰਟਰਵਿਊਜ਼ ‘ਤੇ ਆਧਾਰਿਤ ਹੈ, ਜੋ ਅਫ਼ਗਾਨਿਸਤਾਨ ਛੱਡ ਕੇ ਅਮਰੀਕਾ, ਬ੍ਰਿਟੇਨ, ਕੈਨੇਡਾ ਤੇ ਭਾਰਤ ‘ਚ ਵੱਸ ਗਏ।
ਅਫ਼ਗਾਨਿਸਤਾਨ ਤੋਂ ਸਿੱਖਾਂ ਤੇ ਹੋਰ ਘੱਟਗਿਣਤੀਆਂ ਦੇ ਪਲਾਇਨ ‘ਤੇ ਬਣੀ ਅਮਰੀਕੀ ਫ਼ਿਲਮ ‘Baywatana’
