#PUNJAB

ਅਦਾਲਤ ਵੱਲੋਂ ਮਾਣਹਾਨੀ ਕੇਸ ‘ਚ ਸਾਬਕਾ ਸਪੀਕਰ ਰਾਣਾ ਕੇ.ਪੀ. ਨੂੰ ਸੰਮਨ ਜਾਰੀ

ਰੂਪਨਗਰ/ਸ੍ਰੀ ਆਨੰਦਪੁਰ ਸਾਹਿਬ, 30 ਮਾਰਚ (ਪੰਜਾਬ ਮੇਲ)- ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿਤਾ ਸੋਹਣ ਸਿੰਘ ਬੈਂਸ ਵੱਲੋਂ ਸਾਬਕਾ ਵਿਧਾਨ ਸਭਾ ਸਪੀਕਰ ਰਾਣਾ ਕੰਵਰਪਾਲ ਸਿੰਘ ਖ਼ਿਲਾਫ਼ ਚੋਣਾਂ ਤੋਂ ਪਹਿਲਾਂ ਦਾਇਰ ਕੀਤੇ ਗਏ ਮਾਣਹਾਨੀ ਕੇਸ ਵਿਚ ਵੀਰਵਾਰ ਅਦਾਲਤ ਵੱਲੋਂ ਰਾਣਾ ਕੰਵਰਪਾਲ ਸਿੰਘ ਨੂੰ ਸੰਮਨ ਜਾਰੀ ਕੀਤੇ ਗਏ ਹਨ। ਪਟੀਸ਼ਨਕਰਤਾ ਸੋਹਣ ਸਿੰਘ ਬੈਂਸ ਨੇ ਰੂਪਨਗਰ ਵਿਚ ਦੱਸਿਆ ਕਿ ਰਾਣਾ ਕੰਵਰਪਾਲ ਸਿੰਘ ਵੱਲੋਂ ਪਹਿਲੀ ਫਰਵਰੀ 2022 ਨੂੰ ਦਸਗਰਾਈਂ ਵਿਚ ਕੀਤੀ ਗਈ ਲਗਭਗ 150 ਵਿਅਕਤੀਆਂ ਦੀ ਇਕੱਤਰਤਾ ਦੌਰਾਨ ਅਤੇ ਫੇਸਬੁੱਕ ‘ਤੇ ਲਾਈਵ ਹੋ ਕੇ ਉਨ੍ਹਾਂ ਪ੍ਰਤੀ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਕੰਮ ਕਰਨ ਵਾਲੇ ਉਨ੍ਹਾਂ ਦੇ ਵਕੀਲ ਪੁੱਤਰ ਹਰਜੋਤ ਸਿੰਘ ਬੈਂਸ ਪ੍ਰਤੀ ਅਪਮਾਨਜਨਕ ਸ਼ਬਦਾਵਲੀ ਦੀ ਵਰਤੋਂ ਕਰਕੇ ਲੋਕਾਂ ਵਿਚ ਉਨ੍ਹਾਂ ਦੀ ਸਾਖ ਖ਼ਰਾਬ ਕਰਨ ਦਾ ਯਤਨ ਕੀਤਾ ਗਿਆ ਸੀ।
ਸੋਹਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬਦਨਾਮ ਕਰਨ ਲਈ ਰਾਣਾ ਕੇ.ਪੀ. ਨੇ ਜਿਸ ਕੇਸ ਦਾ ਜ਼ਿਕਰ ਕੀਤਾ ਸੀ, ਉਸ ਕੇਸ ਵਿਚ ਵਧੀਕ ਸੈਸ਼ਨ ਜੱਜ ਐੱਸ.ਏ.ਐੱਸ. ਨਗਰ ਦੀ ਅਦਾਲਤ ਨੇ 25 ਸਤੰਬਰ 2017 ਨੂੰ ਉਨ੍ਹਾਂ ਨੂੰ ਬਰੀ ਕਰ ਦਿੱਤਾ ਸੀ, ਜਿਸ ਸਬੰਧੀ ਰਾਣਾ ਕੇ.ਪੀ. ਨੂੰ ਵੀ ਪਤਾ ਸੀ, ਪਰ ਉਨ੍ਹਾਂ ਬਿਨਾਂ ਕਿਸੇ ਠੋਸ ਆਧਾਰ ਦੇ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਕਥਿਤ ਤੌਰ ‘ਤੇ ਬਦਨਾਮ ਕਰਨ ਦਾ ਯਤਨ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਸਬ-ਜੁਡੀਸ਼ੀਅਲ ਮੈਜਿਸਟਰੇਟ ਜਗਮਿਲਾਪ ਸਿੰਘ ਖੁਸ਼ਦਿਲ, ਆਨੰਦਪੁਰ ਸਾਹਿਬ ਦੀ ਅਦਾਲਤ ਵੱਲੋਂ ਰਾਣਾ ਕੰਵਰਪਾਲ ਸਿੰਘ ਨੂੰ ਉਨ੍ਹਾਂ ‘ਤੇ ਲੱਗੇ ਦੋਸ਼ਾਂ ਦਾ ਜਵਾਬ ਦੇਣ ਲਈ 2 ਮਈ 2023 ਲਈ ਸੰਮਨ ਜਾਰੀ ਕੀਤੇ ਗਏ ਹਨ।

Leave a comment