ਨਵੀਂ ਦਿੱਲੀ, 5 ਸਤੰਬਰ (ਪੰਜਾਬ ਮੇਲ)- ਇਥੋਂ ਦੀ ਅਦਾਲਤ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੂੰ ਦੋ ਵਿਧਾਨ ਸਭਾ ਹਲਕਿਆਂ ਦੀ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾ ਕੇ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਵਿੱਚ ਸੰਮਨ ਜਾਰੀ ਕੀਤਾ ਹੈ। ਮੈਟਰੋਪੋਲੀਟਨ ਮੈਜਿਸਟਰੇਟ ਅਰਜਿੰਦਰ ਕੌਰ ਨੇ ਭਾਜਪਾ ਆਗੂ ਹਰੀਸ਼ ਖੁਰਾਣਾ ਵੱਲੋਂ ਦਾਇਰ ਅਰਜ਼ੀ ‘ਤੇ ਸੁਨੀਤਾ ਕੇਜਰੀਵਾਲ ਨੂੰ 18 ਨਵੰਬਰ ਨੂੰ ਮੁਲਜ਼ਮ ਵਜੋਂ ਤਲਬ ਕੀਤਾ ਹੈ। ਭਾਜਪਾ ਆਗੂ ਨੇ ਆਪਣੀ ਸ਼ਿਕਾਇਤ ਵਿੱਚ ਦੋਸ਼ ਲਾਇਆ ਹੈ ਕਿ ਮੁੱਖ ਮੰਤਰੀ ਦੀ ਪਤਨੀ ਨੇ ਲੋਕ ਪ੍ਰਤੀਨਿਧਤਾ (ਆਰਪੀ) ਐਕਟ ਦੀਆਂ ਧਾਰਾਵਾਂ ਦੀ ਉਲੰਘਣਾ ਕੀਤੀ ਹੈ। ਸ੍ਰੀ ਖੁਰਾਣਾ ਨੇ ਦਾਅਵਾ ਕੀਤਾ ਕਿ ਸੁਨੀਤਾ ਕੇਜਰੀਵਾਲ ਸਾਹਿਬਾਬਾਦ ਵਿਧਾਨ ਸਭਾ ਹਲਕੇ (ਸੰਸਦੀ ਹਲਕਾ ਗਾਜ਼ੀਆਬਾਦ), ਯੂਪੀ, ਅਤੇ ਦਿੱਲੀ ਦੇ ਚਾਂਦਨੀ ਚੌਕ ਵਿਧਾਨ ਸਭਾ ਹਲਕੇ ਦੀਆਂ ਵੋਟਰ ਸੂਚੀਆਂ ਵਿੱਚ ਵੋਟਰ ਵਜੋਂ ਰਜਿਸਟਰਡ ਸੀ, ਜੋ ਧਾਰਾ 17 ਦੀ ਉਲੰਘਣਾ ਹੈ।