#PUNJAB

ਅਦਾਲਤ ਨੇ ਲਾਰੈਂਸ ਤੇ ਗੋਲਡੀ ਦੇ ਕਰੀਬੀ ਗੈਂਗਸਟਰ ਵਿਕਰਮ ਬਰਾੜ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ

ਫਰੀਦਕੋਟ, 6 ਅਗਸਤ (ਪੰਜਾਬ ਮੇਲ)- ਪੁਲਿਸ ਨੇ ਗੈਂਗਸਟਰ ਵਿਕਰਮ ਬਰਾੜ ਨੂੰ ਫਰੀਦਕੋਟ ਅਦਾਲਤ ਵਿਚ ਪੇਸ਼ ਕੀਤਾ। ਇਸ ਦੌਰਾਨ ਮਾਣਯੋਗ ਅਦਾਲਤ ਨੇ ਵਿਕਰਮ ਬਰਾੜ ਨੂੰ ਤਿੰਨ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ  ਜ਼ਿਲ੍ਹੇ ਦੇ ਕੋਟਕਪੂਰਾ ਸ਼ਹਿਰ ’ਚ ਸਾਲ 2021 ਦੌਰਾਨ ਕੱਪੜਾ ਵਪਾਰੀ ਤੋਂ ਫਿਰੌਤੀ ਮੰਗਣ ਦੇ ਮਾਮਲੇ ’ਚ ਪੁੱਛਗਿੱਛ ਲਈ ਫਰੀਦਕੋਟ ਪੁਲਿਸ ਲਾਰੈਂਸ ਬਿਸ਼ਨੋਈ ਗਰੁੱਪ ਦੇ ਬਦਮਾਸ਼ ਵਿਕਰਮ ਬਰਾੜ ਨੂੰ ਦਿੱਲੀ ਤੋਂ ਲਿਆਂਦਾ ਗਿਆ ਅਤੇ ਫਰੀਦਕੋਟ ਅਦਾਲਤ ਵਿਚ ਪੇਸ਼ ਕੀਤਾ ਗਿਆ।

ਗੈਂਗਸਟਰ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਦੇ ਕਰੀਬੀ ਵਿਕਰਮ ਖ਼ਿਲਾਫ਼ ਫ਼ਰੀਦਕੋਟ ਜ਼ਿਲ੍ਹੇ ਵਿੱਚ ਦੋ ਕੇਸ ਦਰਜ ਹਨ ਅਤੇ ਜ਼ਿਲ੍ਹਾ ਪੁਲਿਸ ਉਸ ਨੂੰ ਦਿੱਲੀ ਤੋਂ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਆਈ ਹੈ। ਹੁਣ ਕੋਟਕਪੂਰਾ ਪੁਲਿਸ ਨੇ ਖਤਰਨਾਕ ਗੈਂਗਸਟਰ ਵਿਕਰਮ ਬਰਾੜ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ’ਤੇ ਲਿਆ ਹੈ। ਐੱਨਆਈਏ ਨੇ ਲਾਰੈਂਸ ਬਿਸ਼ਨੋਈ ਦੇ ਕਰੀਬੀ ਵਿਕਰਮ ਬਰਾੜ ਨੂੰ ਯੂਏਈ ਤੋਂ ਭਾਰਤ ਡਿਪੋਰਟ ਕੀਤੇ ਜਾਣ ਤੋਂ ਤੁਰੰਤ ਬਾਅਦ ਗ੍ਰਿਫ਼ਤਾਰ ਕਰ ਲਿਆ ਸੀ। ਕੁਝ ਦਿਨ ਪਹਿਲਾਂ ਐੱਨਆਈਏ ਵਿਕਰਮ ਬਰਾੜ ਨੂੰ ਭਾਰਤ ਲੈ ਕੇ ਆਈ ਸੀ।

ਵਿਕਰਮ ਬਰਾੜ ਖ਼ਿਲਾਫ਼ ਮੁਕੱਦਮਾ ਨੰਬਰ 232 ਸਾਲ 2021ਥਾਣਾ ਸਿਟੀ ਕੋਟਕਪੂਰਾ ਵਿਖੇ ਦਰਜ ਹੋਇਆ ਸੀ। ਦਰਅਸਲ ਗੈਂਗਸਟਰ ਵਿਕਰਮ ਬਰਾੜ ਨੂੰ ਸ਼ਨੀਵਾਰ ਨੂੰ ਪੰਜਾਬ ਦੀ ਫਰੀਦਕੋਟ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ। ਵਿਕਰਮ ਖ਼ਿਲਾਫ਼ ਕੋਟਕਪੂਰਾ ਸ਼ਹਿਰ ’ਚ 25 ਲੱਖ ਦੀ ਫਿਰੌਤੀ ਮੰਗਣ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਪੁਲਿਸ ਅਨੁਸਾਰ ਉਸ ਖ਼ਿਲਾਫ਼ 11 ਕੇਸ ਦਰਜ ਹਨ । ਪੁਲਿਸ ਨੇ ਉਸ ਨੂੰ ਅਦਾਲਤ ’ਚ ਪੇਸ਼ ਕਰ ਕੇ 6 ਦਿਨ ਦਾ ਰਿਮਾਂਡ ਮੰਗਿਆ ਅਤੇ ਅਦਾਲਤ ਨੇ ਉਸ ਨੂੰ 3 ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ। ਇਸ ਮਾਮਲੇ ਵਿੱਚ ਡੀਐੱਸਪੀ ਕੋਟਕਪੂਰਾ ਸ਼ਮਸ਼ੇਰ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਮੁਲਜ਼ਮਾਂ ਤੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਹੋਰ ਤੱਥ ਇਕੱਠੇ ਕੀਤੇ ਜਾਣਗੇ। ਬਰਾੜ ਨੂੰ ਲਾਰੈਂਸ ਗੈਂਗ ਦਾ ਖਾਸ ਮੈਂਬਰ ਮੰਨਿਆ ਜਾਂਦਾ ਹੈ। ਅਜਿਹੇ ’ਚ ਪੁਲਿਸ ਉਸ ਤੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਵੀ ਪੁੱਛਗਿੱਛ ਕਰੇਗੀ। ਵਿਕਰਮ ਬਰਾੜ ’ਤੇ ਕੋਟਕਪੂਰਾ ’ਚ ਇਕ ਡੇਰਾ ਪ੍ਰੇਮੀ ਦੀ ਹੱਤਿਆ ਦੇ ਦੋਸ਼ ਵੀ ਲੱਗੇ ਹਨ। ਡੇਰਾ ਪ੍ਰੇਮੀ ਦੀ ਰੇਕੀ ਉਸ ਨੂੰ ਮਾਰਨ ਤੋਂ ਪਹਿਲਾਂ ਵਿਕਰਮ ਬਰਾੜ ਨੇ ਕੀਤੀ ਸੀ।

Leave a comment