ਲਖਨਊ, 16 ਅਪ੍ਰੈਲ (ਪੰਜਾਬ ਮੇਲ)- ਉੱਤਰ ਪ੍ਰਦੇਸ਼ ਸਰਕਾਰ ਨੇ ਗੈਂਗਸਟਰ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਤੇ ਸਾਬਕਾ ਵਿਧਾਇਕ ਖਾਲਿਦ ਅਜੀਮ ਉਰਫ਼ ਅਸ਼ਰਫ ਦੀ ਪ੍ਰਯਾਗਰਾਜ ਵਿੱਚ ਸ਼ਨਿਚਰਵਾਰ ਰਾਤ ਨੂੰ ਹੋਈ ਹੱਤਿਆ ਦੇ ਮਾਮਲੇ ’ਚ ਜਾਂਚ ਲਈ ਤਿੰਨ ਮੈਂਬਰੀ ਨਿਆਂਇਕ ਜਾਂਚ ਕਮਿਸ਼ਨ ਕਾਇਮ ਕੀਤਾ ਹੈ। ਅਧਿਕਾਰਤ ਜਾਣਕਾਰੀ ਮੁਤਾਬਕ ਇਲਾਹਾਬਾਦ ਹਾਈ ਕੋਰਟ ਦੇ ਸੇਵਾਮੁਕਤ ਜਸਟਿਸ ਅਰਵਿੰਦ ਕੁਮਾਰ ਤ੍ਰਿਪਾਠੀ ਦੀ ਅਗਵਾਈ ਹੇਠ ਸਾਬਕਾ ਡੀਜੀਪੀ ਸੁਬੇਸ਼ ਕੁਮਾਰ ਸਿੰਘ ਅਤੇ ਸੇਵਾਮੁਕਤ ਜਸਟਿਸ ਬ੍ਰਜੇਸ਼ ਕੁਮਾਰ ਸੋਨੀ ਨੂੰ ਬਤੌਰ ਮੈਂਬਰ ਸ਼ਾਮਲ ਕਰਦਿਆਂ ਤਿੰਨ ਮੈਂਬਰੀ ਕਮਿਸ਼ਨ ਕਾਇਮ ਕੀਤਾ ਹੈ। ਕਮਿਸ਼ਨ ਨੂੰ ਮਾਮਲੇ ਦੀ ਜਾਂਚ ਦੇ ਦੋ ਮਹੀਨੇ ਦੇ ਅੰਦਰ ਅੰਦਰ ਆਪਣੀ ਰਿਪੋਰਟ ਸਰਕਾਰ ਨੂੰ ਸੌਪਣੀ ਪਵੇਗੀ। ਸੂਬੇ ਦੇ ਗ੍ਰਹਿ ਵਿਭਾਗ ਨੇ ਜਾਂਚ ਕਮਿਸ਼ਨ ਕਾਨੂੰਨ, 1952 ਤਹਿਤ ਕਮਿਸ਼ਨ ਕਾਇਮ ਕੀਤਾ ਹੈ।