ਸੱਤਿਆ ਨਡੇਲਾ, ਦੇਵ ਪਟੇਲ ਤੇ ਨੇਵਾਲਨੀ ਦੀ ਵਿਧਵਾ ਯੂਲੀਆ ਦਾ ਨਾਂ ਵੀ ਸ਼ਾਮਲ
ਨਵੀਂ ਦਿੱਲੀ, 18 ਅਪ੍ਰੈਲ (ਪੰਜਾਬ ਮੇਲ)- ਵਿਸ਼ਵ ਬੈਂਕ ਦੇ ਪ੍ਰਧਾਨ ਅਜੈ ਬੰਗਾ, ਓਲੰਪੀਅਨ ਪਹਿਲਵਾਨ ਸਾਕਸ਼ੀ ਮਲਿਕ, ਬੌਲੀਵੁੱਡ ਅਦਾਕਾਰਾ ਆਲੀਆ ਭੱਟ, ਮਾਈਕ੍ਰੋਸੌਫਟ ਦੇ ਸੀ.ਈ.ਓ. ਸੱਤਿਆ ਨਡੇਲਾ ਅਤੇ ਅਦਾਕਾਰ ਤੇ ਡਾਇਰੈਕਟਰ ਦੇਵ ਪਟੇਲ ‘ਟਾਈਮ’ ਮੈਗਜ਼ੀਨ ਦੀ ਦੁਨੀਆਂ ਦੀਆਂ ਸੌ ਸਭ ਤੋਂ ਵੱਧ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ‘ਚ ਸ਼ੁਮਾਰ ਹਨ।
‘ਟਾਈਮ’ ਵੱਲੋਂ ਜਾਰੀ ‘ਸਾਲ 2024 ਦੀਆਂ 100 ਸਭ ਤੋਂ ਵੱਧ ਪ੍ਰਭਾਵਸ਼ਾਲੀ ਸ਼ਖਸੀਅਤਾਂ’ ਸਿਰਲੇਖ ਵਾਲੀ ਸੂਚੀ ਵਿਚ ਅਮਰੀਕਾ ਦੇ ਊਰਜਾ ਵਿਭਾਗ ਦੇ ਕਰਜ਼ ਪ੍ਰੋਗਰਾਮ ਅਧਿਕਾਰੀ ਡਾਇਰੈਕਟਰ ਜਿਗਰ ਸ਼ਾਹ, ਯੇਲ ਯੂਨੀਵਰਸਿਟੀ ਦੀ ਪ੍ਰੋਫੈਸਰ ਪ੍ਰਿਅੰਬਦਾ ਨਟਰਾਜਨ ਤੇ ਭਾਰਤੀ ਮੂਲ ਦੀ ਰੈਸਤਰਾਂ ਮਾਲਕ ਅਸਮਾ ਖ਼ਾਨ ਤੋਂ ਇਲਾਵਾ ਰੂਸ ਦੇ ਵਿਰੋਧੀ ਧਿਰ ਦੇ ਨੇਤਾ ਅਲੈਕਸੀ ਨੇਵਾਲਨੀ ਦੀ ਵਿਧਵਾ ਯੂਲੀਆ ਨਾਵਾਲਨਿਆ ਵੀ ਸ਼ਾਮਲ ਹਨ।
ਅਮਰੀਕਾ ਦੀ ਖਜ਼ਾਨਾ ਸਕੱਤਰ ਜੈਨੇਟ ਯੈਲੈੱਨ ਨੇ ਮਾਸਟਰਕਾਰਡ ਦੇ ਸਾਬਕਾ ਸੀ.ਈ.ਓ. ਬਾਰੇ ‘ਟਾਈਮ’ ਦੀ ਪ੍ਰੋਫਾਈਲ ‘ਤੇ ਲਿਖਿਆ ਹੈ, ”ਇਕ ਅਹਿਮ ਸੰਸਥਾ ਨੂੰ ਬਦਲਣ ਦਾ ਅਹਿਮ ਕੰਮ ਕਰਨ ਲਈ ਇਕ ਹੁਨਰਮੰਦ ਆਗੂ ਲੱਭਣਾ ਸੌਖਾ ਨਹੀਂ ਹੈ ਪਰ ਪਿਛਲੇ ਸਾਲ ਜੂਨ ਤੋਂ ਵਿਸ਼ਵ ਬੈਂਕ ਦਾ ਪ੍ਰਧਾਨ ਬਣਨ ਮਗਰੋਂ ਅਜੈ ਨੇ ਅਜਿਹਾ ਹੀ ਕੀਤਾ ਹੈ।” ਉਨ੍ਹਾਂ ਆਖਿਆ ਕਿ ਬੰਗਾ ਇਕ ਆਲਮੀ ਸੰਸਥਾ ਦੀ ਅਗਵਾਈ ਕਰਨ ਮਗਰੋਂ ਵਿਸ਼ਵ ਬੈਂਕ ‘ਚ ਆਏ ਸਨ, ਜਿਸ ਰਾਹੀਂ ਉਨ੍ਹਾਂ ਨੇ ਬੈਂਕ ਤੋਂ ਦੂਰ ਲੱਖਾਂ ਲੋਕਾਂ ਨੂੰ ਡਿਜੀਟਲ ਅਰਥਚਾਰੇ ‘ਚ ਲਿਆਂਦਾ ਹੈ।” ਆਲੀਆ ਭੱਟ ਨੂੰ ‘ਜ਼ਬਰਦਸਤ ਪ੍ਰਤਿਭਾ’ ਕਰਾਰ ਦਿੰਦਿਆਂ ਡਾਇਰੈਕਟਰ, ਪ੍ਰੋਡਿਊਸਰ ਤੇ ਲੇਖਕ ਟੌਮ ਹਾਰਪਰ ਨੇ ਲਿਖਿਆ ਹੈ, ”ਆਲੀਆ ਭੱਟ ਭਾਰਤੀ ਫ਼ਿਲਮ ਉਦਯੋਗ ‘ਚ ਇਕ ਦਹਾਕੇ ਤੋਂ ਵੱਧ ਸਮਾਂ ਕੰਮ ਕਰਨ ਕਰਕੇ ਸਿਰਫ ਵਿਸ਼ਵ ਦੀ ਪ੍ਰਸ਼ੰਸ਼ਾ ਹਾਸਲ ਕਰਨ ਵਾਲੇ ਮੋਹਰੀ ਕਲਾਕਾਰਾਂ ‘ਚੋਂ ਇਕ ਨਹੀਂ ਹੈ, ਬਲਕਿ ਉਹ ਇਕ ਮਹਿਲਾ ਕਾਰੋਬਾਰੀ ਤੇ ਦਾਨੀ ਵੀ ਹੈ, ਜਿਹੜੀ ਇਮਾਨਦਾਰੀ ਨਾਲ ਅਗਵਾਈ ਕਰਦੀ ਹੈ।”
ਮਾਈਕ੍ਰੋਸੌਫਟ ਦੇ ਸੀ.ਈ.ਓ. ਸੱਤਿਆ ਨਡੇਲਾ ਬਾਰੇ ਟਾਈਮ ਨੇ ਕਿਹਾ ਕਿ ਉਹ ਸਾਡੇ ਭਵਿੱਖ ਨੂੰ ਅਗਵਾਈ ਦੇਣ ‘ਚ ਬਹੁਤ ਪ੍ਰਭਾਵਸ਼ਾਲੀ ਹੈ ਅਤੇ ਇਹ ਮਨੁੱਖਤਾ ਲਈ ਵਧੀਆ ਗੱਲ ਹੈ। ਸਾਕਸ਼ੀ ਮਲਿਕ ਬਾਰੇ ਫ਼ਿਲਮਕਾਰ ਨਿਸ਼ਾ ਪਾਹੂਜਾ ਨੇ ਲਿਖਿਆ, ”ਸਾਕਸ਼ੀ ਭਾਰਤ ਦੇ ਉੱਘੇ ਪਹਿਲਵਾਨਾਂ ‘ਚੋਂ ਇਕ ਹੈ, ਜਿਸ ਨੇ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਮੁਲਜ਼ਮ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਦੇ ਅਸਤੀਫ਼ੇ ਦੀ ਮੰਗ ਲਈ ਸਾਲ 2023 ਦੇ ਸ਼ੁਰੂ ‘ਚ ਦਿੱਲੀ ਦੇ ਜੰਤਰ-ਮੰਤਰ ‘ਤੇ ਇਕੱਠ ਕੀਤਾ।” ਟਾਈਮ ਲਈ ਮਲਿਕ ਦੀ ਪ੍ਰੋਫਾਈਲ ‘ਚ ਉਸ ਨੇ ਲਿਖਿਆ, ”ਉਸ ਦੀ ਇਸ ਛੋਟੀ ਸ਼ੁਰੂਆਤ ਨੇ ਦੇਸ਼-ਵਿਦੇਸ਼ ਤੋਂ ਲੋਕਾਂ ਦਾ ਧਿਆਨ ਖਿੱਚਿਆ ਤੇ ਸਮਰਥਨ ਹਾਸਲ ਕੀਤਾ।”