#PUNJAB

ਅਗਵਾ ਮਾਮਲੇ ’ਚ ਸਾਬਕਾ ਇੰਸਪੈਕਟਰ ਤੇ ਥਾਣੇਦਾਰ ਦੋਸ਼ੀ ਕਰਾਰ

ਚੰਡੀਗੜ੍ਹ, 17 ਮਾਰਚ (ਪੰਜਾਬ ਮੇਲ)- ਮੁਹਾਲੀ ਦੀ ਇੱਕ ਵਿਸ਼ੇਸ਼ ਸੀਬੀਆਈ ਅਦਾਲਤ ਨੇ ਕਰੀਬ ਤਿੰਨ ਦਹਾਕੇ ਪੁਰਾਣੇ ਇੱਕ ਅਗਵਾ ਮਾਮਲੇ ਦੀ ਸੁਣਵਾਈ ਕਰਦਿਆਂ ਅੱਜ ਪੰਜਾਬ ਪੁਲੀਸ ਦੇ ਤਤਕਾਲੀ ਇੰਸਪੈਕਟਰ ਸੂਬਾ ਸਿੰਘ ਅਤੇ ਉਸ ਨਾਲ ਗੰਨਮੈਨ ਰਹੇ ਝਿਰਮਲ ਸਿੰਘ (ਥਾਣੇਦਾਰ) ਨੂੰ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ ਬੈਂਕ ਮੁਲਾਜ਼ਮ ਕੁਲਦੀਪ ਸਿੰਘ ਲਗਪਗ ਤੀਹ ਸਾਲ ਪਹਿਲਾਂ ਭੇਤਭਰੀ ਹਾਲਤ ਵਿੱਚ ਲਾਪਤਾ ਹੋ ਗਿਆ ਸੀ, ਜਿਸ ਸਬੰਧੀ ਕੇਸ ਦਰਜ ਕੀਤਾ ਗਿਆ ਸੀ।
ਇਸ ਮਾਮਲੇ ਦੀ ਹੁਣ ਤੱਕ ਹੋਈ ਜਾਂਚ ਦੇ ਆਧਾਰ ’ਤੇ ਅੱਜ ਅਦਾਲਤ ਨੇ ਉਕਤ ਨੌਜਵਾਨ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੰਦਿਆਂ ਸੂਬਾ ਸਿੰਘ ਨੂੰ ਧਾਰਾ 218 ਵਿੱਚ ਤਿੰਨ ਸਾਲ ਅਤੇ ਧਾਰਾ 120ਬੀ ਵਿੱਚ ਦੋ ਸਾਲ ਦੀ ਕੈਦ ਤੇ ਜੁਰਮਾਨਾ ਅਤੇ ਝਿਰਮਲ ਸਿੰਘ (ਥਾਣੇਦਾਰ) ਨੂੰ ਧਾਰਾ 365 ਵਿੱਚ 5 ਸਾਲ, ਧਾਰਾ 344 ਵਿੱਚ 3 ਸਾਲ ਤੇ ਧਾਰਾ 120ਬੀ ਵਿੱਚ 2 ਸਾਲ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਵਿੱਚ ਨਾਮਜ਼ਦ ਤਤਕਾਲੀ ਐੱਸਐੱਚਓ ਗੁਰਦੇਵ ਸਿੰਘ ਦੀ ਕੁੱਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ।

Leave a comment