#PUNJAB

ਅਕਾਲੀ-ਭਾਜਪਾ ਦੀ ਇਕ ਵਾਰ ਫਿਰ ਪੈ ਸਕਦੀ ਹੈ ਗਲਵਕੜੀ!

– ਸਿਆਸੀ ਹਲਕਿਆਂ ‘ਚ ਮੁੜ ਨਵੀਂ ਚਰਚਾ ਛਿੜੀ
– ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਚੋਣ ਗੱਠਜੋੜ ਦੀ ਬਣੀ ਸੰਭਾਵਨਾ
ਸੰਗਰੂਰ, 28 ਜੂਨ (ਪੰਜਾਬ ਮੇਲ)- ਰੱਖਿਆ ਮੰਤਰੀ ਰਾਜ ਨਾਥ ਸਿੰਘ ਵਲੋਂ ਆਪਣੇ ਚੰਡੀਗੜ੍ਹ ਦੌਰੇ ਸਮੇਂ ਅਕਾਲੀ-ਭਾਜਪਾ ਗੱਠਜੋੜ ਦੀ ਸੰਭਾਵਨਾ ਬਾਰੇ ਦਿੱਤੇ ਬਿਆਨ ਨੇ ਸਿਆਸੀ ਹਲਕਿਆਂ ‘ਚ ਮੁੜ ਨਵੀਂ ਚਰਚਾ ਛੇੜ ਦਿੱਤੀ ਹੈ। ਹੁਣ ਤੱਕ ਭਾਜਪਾ ਆਗੂ ਇੱਥੋਂ ਤੱਕ ਕਿ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਅਤੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਕਹਿੰਦੇ ਰਹੇ ਸਨ ਕਿ ਸ਼੍ਰੋਮਣੀ ਅਕਾਲੀ ਦਲ ਨਾਲ ਕਿਸੇ ਵੀ ਹਾਲਤ ਵਿਚ ਚੋਣ ਗੱਠਜੋੜ ਨਹੀਂ ਕੀਤਾ ਜਾਵੇਗਾ। ਇਨ੍ਹਾਂ ਹਲਕਿਆਂ ਅਨੁਸਾਰ ਲੋਕ ਸਭਾ ਚੋਣਾਂ ਤੋਂ ਐਨ ਪਹਿਲਾਂ ਚੋਣ ਗੱਠਜੋੜ ਦੀ ਸੰਭਾਵਨਾ ਬਣੀ ਹੋਈ ਹੈ ਕਿਉਂਕਿ ਦੋਵੋਂ ਪਾਰਟੀਆਂ ਇਸ ਸਥਿਤੀ ‘ਚ ਨਹੀਂ ਹਨ ਕਿ ਅਲੱਗ-ਅਲੱਗ ਰਹਿ ਕੇ ਪੰਜਾਬ ਦੀਆਂ ਲੋਕ ਸਭਾ ਸੀਟਾਂ ‘ਤੇ ਜਿੱਤ ਹਾਸਲ ਕਰ ਸਕਣ। ਲੋਕ ਸਭਾ ਦੀ ਜਲੰਧਰ ਉੱਪ ਚੋਣ ਦੇ ਨਤੀਜਿਆਂ ਨੇ ਇਹ ਸਾਫ਼ ਕਰ ਹੀ ਦਿੱਤਾ ਹੈ ਕਿ ਅਲੱਗ-ਅਲੱਗ ਚੋਣ ਲੜਨ ਨਾਲ ਪੰਜਾਬ ਵਿਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਨੂੰ ਫ਼ਾਇਦਾ ਪਹੁੰਚੇਗਾ। 2024 ਦੀਆਂ ਚੋਣਾਂ ਦੌਰਾਨ ਭਾਜਪਾ ਇਕ-ਇਕ ਸੀਟ ਉੱਤੇ ਧਿਆਨ ਕੇਂਦਰਤ ਕਰੇਗੀ ਕਿਉਂਕਿ ਭਾਜਪਾ ਦੀ ਸਥਿਤੀ 2019 ਵਰਗੀ ਨਹੀਂ ਰਹੀ। 2019 ‘ਚ ਭਾਜਪਾ ਨੇ ਪੰਜਾਬ ਨੂੰ ਬਹੁਤਾ ਗੌਲਿਆ ਨਹੀਂ ਸੀ ਕਿਉਂਕਿ ਇਹ 13 ਸੀਟਾਂ ਵਾਲਾ ਰਾਜ ਹੈ, ਜਿੱਥੇ ਗੱਠਜੋੜ ਕਾਰਨ ਅਕਾਲੀ ਦਲ ਨੇ 10 ਅਤੇ ਭਾਜਪਾ ਨੇ 3 ਸੀਟਾਂ ਉੱਤੇ ਚੋਣ ਲੜੀ ਸੀ। ਸਿਆਸੀ ਹਲਕਿਆਂ ਅਨੁਸਾਰ ਇਸ ਵਾਰ ਭਾਜਪਾ ਵਲੋਂ ਅਕਾਲੀ ਦਲ ‘ਤੇ ਵੱਧ ਸੀਟਾਂ ਛੱਡਣ ਲਈ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਭਾਜਪਾ ਆਗੂਆਂ ਵਲੋਂ ਚੋਣ ਗੱਠਜੋੜ ਨਾ ਕਰਨ ਦੇ ਦਿੱਤੇ ਜਾ ਰਹੇ ਬਿਆਨ ਦੀ ਇਸੇ ਕੜੀ ਦਾ ਹਿੱਸਾ ਹਨ। ਇਸ ਸਮੇਂ ਭਾਜਪਾ ਪੰਜਾਬ ‘ਚ ਆਪਣੀ ਸਥਿਤੀ ਤੇਜ਼ੀ ਨਾਲ ਮਜ਼ਬੂਤ ਕਰਨ ਲੱਗੀ ਹੋਈ ਹੈ। ਪਾਰਟੀ ਵਲੋਂ ਕੀਤੀਆਂ ਜ਼ਿਲ੍ਹਾ ਪੱਧਰੀ ਮੀਟਿੰਗਾਂ ਵਿਚ ਭਰਵੇਂ ਇਕੱਠ ਇਸ ਗੱਲ ਦਾ ਸੰਕੇਤ ਹਨ ਕਿ ਭਾਜਪਾ 2019 ਨਾਲੋਂ ਪੰਜਾਬ ਵਿਚ ਮਜ਼ਬੂਤ ਹੋਈ ਹੈ। ਮਜ਼ਬੂਤੀ ਦੀ ਇਹ ਤੋਰ ਇਸ ਸਾਲ ਤੱਕ ਇਸੇ ਤਰ੍ਹਾਂ ਜਾਰੀ ਰੱਖੀ ਜਾਵੇਗੀ ਤਾਂ ਜੋ ਪਾਰਟੀ ਨੂੰ ਅਕਾਲੀ ਦਲ ਦੇ ਬਰਾਬਰ ਲਿਆਂਦਾ ਜਾ ਸਕੇ। ਭਾਜਪਾ ਨੇ ਅਕਾਲੀ ‘ਤੇ ਦਬਾਅ ਪਾਉਣ ਦੀ ਨੀਤੀ ਤਹਿਤ ਰਾਜ ਦੀਆਂ ਸਾਰੀਆਂ 13 ਦੀਆਂ 13 ਸੀਟਾਂ ਉੱਤੇ ਤਿਆਰੀ ਆਰੰਭੀ ਹੋਈ ਹੈ, ਤਾਂ ਜੋ ਇਹ ਦਰਸਾਇਆ ਜਾ ਸਕੇ ਕਿ ਭਾਜਪਾ ਇਕੱਲਿਆਂ ਹੀ ਚੋਣ ਲੜਨ ਦੇ ਰੌਂਅ ਵਿਚ ਹੈ। ਅਜਿਹੀ ਸਥਿਤੀ ਵਿਚ ਸੰਭਾਵਤ ਗੱਠਜੋੜ ਲਈ ਭਾਜਪਾ ਵਲੋਂ 13 ਵਿਚੋਂ 7 ਸੀਟਾਂ ਦੀ ਮੰਗ ਕੀਤੀ ਜਾ ਸਕਦੀ ਹੈ। ਉੱਧਰ ਸ਼੍ਰੋਮਣੀ ਅਕਾਲੀ ਦਲ ਨੇ 2024 ਦੀਆਂ ਚੋਣਾਂ ਲਈ ਆਪਣੀ ਰਣਨੀਤੀ ਬਨਾਉਣੀ ਸ਼ੁਰੂ ਕਰ ਦਿੱਤੀ ਹੈ। ਫ਼ਿਲਹਾਲ ਅਕਾਲੀ ਦਲ ਦਾ ਬਸਪਾ ਨਾਲ ਗੱਠਜੋੜ ਚੱਲ ਰਿਹਾ ਹੈ। ਭਾਜਪਾ ਨਾਲ ਗੱਠਜੋੜ ਦੀ ਸੂਰਤ ਵਿਚ ਅਕਾਲੀ ਦਲ 7 ਸੀਟਾਂ ਦੀ ਮੰਗ ਕਰ ਸਕਦਾ ਹੈ ਅਤੇ ਇਨ੍ਹਾਂ 7 ‘ਚੋਂ ਇਕ ਸੀਟ ਬਸਪਾ ਦੇ ਹਵਾਲੇ ਕੀਤੀ ਜਾ ਸਕਦੀ ਹੈ। ਅਕਾਲੀ ਦਲ ਦਾ ਇਨ੍ਹਾਂ ਚੋਣਾਂ ਵਿਚ ਮੁੱਖ ਟੀਚਾ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਹਰਾਉਣਾ ਹੋਵੇਗਾ ਅਤੇ ਭਾਜਪਾ ਨੂੰ ਵੀ ਕੇਂਦਰ ‘ਚ ਆਪਣੀ ਸਰਕਾਰ ਮੁੜ ਬਨਾਉਣ ਲਈ ਇਕ-ਇਕ ਸੀਟ ਅਹਿਮ ਹੋਵੇਗੀ।

Leave a comment