#PUNJAB

ਅਕਾਲੀ ਦਲ ਵੱਲੋਂ ‘ਸਿੱਖ ਗੁਰਦੁਆਰਾ ਐਕਟ ਸੋਧ ਬਿੱਲ’ ਸਿੱਖ ਪ੍ਰੰਪਰਾਵਾਂ ‘ਤੇ ਸਿੱਧਾ ਹਮਲਾ ਕਰਾਰ

ਚੰਡੀਗੜ੍ਹ, 21 ਜੂਨ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਵਿਧਾਨ ਸਭਾ ਵਿਚ ਪਾਸ ਕੀਤੇ ਸਿੱਖ ਗੁਰਦੁਆਰਾ ਐਕਟ ਸੋਧ ਬਿੱਲ ਨੂੰ ਆਮ ਆਦਮੀ ਪਾਰਟੀ ਦੇ ‘ਸਿੱਖ ਵਿਰੋਧੀ’ ਆਗੂ ਅਰਵਿੰਦ ਕੇਜਰੀਵਾਲ ਦੀ ਸ਼ਹਿ ਉੱਤੇ ਖਾਲਸਾ ਪੰਥ ਦੇ ਧਾਰਮਿਕ ਮਾਮਲਿਆਂ ਵਿਚ ਦਖਲਅੰਦਾਜ਼ੀ ਅਤੇ ਖਾਲਸਾਈ ਪ੍ਰੰਪਰਾਵਾਂ ਉੱਤੇ ਸਿੱਧਾ ਹਮਲਾ ਕਰਾਰ ਦਿੱਤਾ ਅਤੇ ਐਲਾਨ ਕੀਤਾ ਕਿ ਇਸ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀ ਕੀਤਾ ਜਾ ਸਕਦਾ।
ਘਟਨਾਚੱਕਰ ਨੂੰ ਬੇਹੱਦ ‘ਖ਼ਤਰਨਾਕ’ ਕਰਾਰ ਦਿੰਦਿਆਂ ਪਾਰਟੀ ਦੇ ਸੀਨੀਅਰ ਆਗੂਆਂ ਬਲਵਿੰਦਰ ਸਿੰਘ ਭੂੰਦੜ, ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਖਾਲਸਾ ਪੰਥ ਦੇ ਧਾਰਮਿਕ ਮਸਲਿਆਂ ‘ਚ ਦਖਲਅੰਦਾਜ਼ੀ ਅਤੇ ਕੌਮ ਦੇ ਪਾਵਨ ਪ੍ਰੰਪਰਾਵਾਂ ਤੇ ਸੰਸਥਾਵਾਂ ਉੱਤੇ ਹਮਲਾ ਬਰਦਾਸ਼ਤ ਕਰਨਾ ਨਾ ਸਿੱਖ ਕੌਮ ਦਾ ਸੁਭਾਅ ਹੈ ਤੇ ਨਾ ਹੀ ਇਹ ਸਾਡਾ ਇਤਿਹਾਸ ਹੈ। ਅਸੀਂ ਇਸ ਵੰਗਾਰ ਦਾ ਟਾਕਰਾ ਸ਼ਾਨਾਮੱਤੀਆਂ ਖਾਲਸਾਈ ਰਵਾਇਤਾਂ ਅਨੁਸਾਰ ਕਰਾਂਗੇ। ਅਕਾਲੀ ਅਗੂਆਂ ਨੇ ਐਲਾਨ ਕੀਤਾ ਕਿ ”ਇਸ ਸੋਧ ਨੂੰ ਕਤਈ ਲਾਗੂ ਨਹੀਂ ਹੋਣ ਦਿੱਤਾ ਜਾਏਗਾ।”
ਉਨ੍ਹਾਂ ਕਿਹਾ ਕਿ ਸਿੱਖ ਗੁਰਦੁਆਰਾ ਐਕਟ ਆਲ ਇੰਡੀਆ ਐਕਟ ਹੈ ਤੇ ਇਸ ਵਿਚ ਤਰਮੀਮ ਕਰਨਾ ਪੰਜਾਬ ਸਰਕਾਰ ਦੇ ਅਧਿਕਾਰ ਖੇਤਰ ‘ਚ ਹੀ ਨਹੀਂ ਹੈ। ਕੇਵਲ ਤੇ ਕੇਵਲ ਪਾਰਲੀਮੈਂਟ ਕੋਲ ਹੀ ਇਸ ‘ਚ ਤਰਮੀਮ ਕਰਨ ਦਾ ਅਧਿਕਾਰ ਹੈ, ਉਹ ਵੀ ਕਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਨਜ਼ੂਰੀ ਤੋਂ ਬਿਨਾਂ ਨਹੀਂ ਕੀਤੀ ਜਾਂਦੀ ਕਿਉਂਕਿ ਨਹਿਰੂ-ਮਾਸਟਰ ਤਾਰਾ ਸਿੰਘ ਸਮਝੌਤੇ ਵਿਚ ਸਰਕਾਰ ਵੱਲੋਂ ਇਹ ਗੱਲ ਮੰਨ ਲਈ ਗਈ ਸੀ ਤੇ ਹੁਣ ਇਹ ਇਕ ਪ੍ਰੰਪਰਾ ਬਣ ਚੁੱਕੀ ਹੈ, ਜੋ ਕਾਨੂੰਨ ਦਾ ਰੁਤਬਾ ਹਾਸਿਲ ਕਰ ਚੁੱਕੀ ਹੈ। ਅੱਜ ਤੱਕ ਕੋਈ ਵੀ ਤਰਮੀਮ ਸ਼੍ਰੋਮਣੀ ਕਮੇਟੀ ਦੀ ਮਰਜ਼ੀ ਤੋਂ ਬਿਨਾਂ ਨਹੀਂ ਕੀਤੀ ਗਈ ।

Leave a comment