#PUNJAB

ਅਕਾਲੀ ਦਲ ਲਈ ਵੱਡੀ ਚੁਣੌਤੀ ਸਾਬਤ ਹੋ ਸਕਦੀਆਂ ਨੇ ਸ਼੍ਰੋਮਣੀ ਕਮੇਟੀ ਚੋਣਾਂ

– ਵੱਡੀ ਗਿਣਤੀ ਆਗੂਆਂ ਵੱਲੋਂ ਪਾਰਟੀ ਛੱਡਣ ਕਰਕੇ ਸਿਆਸੀ ਸਮੀਕਰਨ ਬਦਲੇ;
– ਐਤਕੀਂ ਮੁਕਾਬਲਾ ਬਹੁ-ਕੋਣਾ ਹੋਣ ਦੇ ਆਸਾਰ
ਅੰਮ੍ਰਿਤਸਰ, 5 ਜੂਨ (ਪੰਜਾਬ ਮੇਲ)- ਆਪਣੀ ਹੋਂਦ ਬਰਕਰਾਰ ਰੱਖਣ ਲਈ ਜੱਦੋ-ਜਹਿਦ ਕਰ ਰਹੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਆਗਾਮੀ ਆ ਰਹੀਆਂ ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ ਇਕ ਵੱਡੀ ਚੁਣੌਤੀ ਸਾਬਤ ਹੋ ਸਕਦੀਆਂ ਹਨ। ਮੁੱਖ ਗੁਰਦੁਆਰਾ ਚੋਣ ਕਮਿਸ਼ਨਰ ਐੱਸ.ਐੱਸ. ਸਾਰੋਂ ਨੇ ਬੀਤੇ ਦਿਨੀਂ ਹੀ ਸਰਕਾਰ ਨੂੰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦਾ ਅਮਲ ਸ਼ੁਰੂ ਕਰਵਾਉਣ ਲਈ ਆਖਿਆ ਹੈ। ਮੁੱਖ ਗੁਰਦੁਆਰਾ ਚੋਣ ਕਮਿਸ਼ਨਰ ਨੇ ਇਸ ਸਬੰਧ ਵਿਚ ਪੰਜਾਬ ਸਰਕਾਰ ਦੇ ਮੁੱਖ ਸਕੱਤਰ, ਵਧੀਕ ਸਕੱਤਰ, ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਤੇ ਹੋਰਨਾਂ ਨੂੰ ਪੱਤਰ ਭੇਜ ਕੇ ਨਿਰਦੇਸ਼ ਦਿੱਤੇ ਹਨ ਕਿ ਸ਼੍ਰੋਮਣੀ ਕਮੇਟੀ ਦੀਆਂ ਜਨਰਲ ਚੋਣਾਂ ਕਰਾਉਣ ਵਾਸਤੇ ਵੋਟਰ ਸੂਚੀਆਂ ਬਣਾਉਣ ਦੀ ਪ੍ਰਕਿਰਿਆ ਆਰੰਭੀ ਜਾਵੇ। ਭਾਵੇਂ ਅਜਿਹੀ ਸਾਰੀ ਪ੍ਰਕਿਰਿਆ ਨੂੰ ਮੁਕੰਮਲ ਕਰਨ ਵਿਚ ਸਮਾਂ ਲੱਗੇਗਾ, ਪਰ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਹਿੱਸਾ ਲੈਣ ਵਾਲੀਆਂ ਧਿਰਾਂ ਵੀ ਹੁਣ ਛੇਤੀ ਹੀ ਸਰਗਰਮੀਆਂ ਵਧਾ ਦੇਣਗੀਆਂ। ਇਹ ਚੋਣਾਂ ਸ਼੍ਰੋਮਣੀ ਅਕਾਲੀ ਦਲ ਵਾਸਤੇ ਵੀ ਇੱਕ ਵੱਡੀ ਚੁਣੌਤੀ ਬਣ ਕੇ ਉਭਰ ਸਕਦੀਆਂ ਹਨ। ਦੋ ਵਾਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਹਾਰ ਪ੍ਰਾਪਤ ਕਰਨ ਵਾਲਾ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਆਪਣੀ ਹੋਂਦ ਨੂੰ ਬਚਾਉਣ ਲਈ ਯਤਨਸ਼ੀਲ ਹੈ। ਪਾਰਟੀ ਦੇ ਕਈ ਕੱਦਾਵਰ ਆਗੂ ਅਕਾਲੀ ਦਲ ਨੂੰ ਅਲਵਿਦਾ ਆਖ ਚੁੱਕੇ ਹਨ। ਪਾਰਟੀ ਲੀਡਰਸ਼ਿਪ ਵਿਚ ਬਦਲਾਅ ਦੀ ਮੰਗ ਕਰਦਿਆਂ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ, ਉਨ੍ਹਾਂ ਦਾ ਪੁੱਤਰ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ, ਉਨ੍ਹਾਂ ਦਾ ਪੁੱਤਰ ਅਮਰਪਾਲ ਸਿੰਘ ਬੋਨੀ ਅਜਨਾਲਾ ਤੇ ਹੋਰ ਕਈ ਆਗੂ ਪਾਰਟੀ ਛੱਡ ਕੇ ਜਾ ਚੁੱਕੇ ਹਨ। ਪਾਰਟੀ ਦੀ ਸੀਨੀਅਰ ਆਗੂ, ਸਾਬਕਾ ਮੰਤਰੀ ਤੇ ਕਈ ਵਾਰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਰਹਿ ਚੁੱਕੀ ਬੀਬੀ ਜਗੀਰ ਕੌਰ ਵੀ ਪਾਰਟੀ ਤੋਂ ਵੱਖ ਹੋ ਗਈ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਮੈਂਬਰ ਤੇ ਸਾਬਕਾ ਮੰਤਰੀ ਮਰਹੂਮ ਸੇਵਾ ਸਿੰਘ ਸੇਖਵਾਂ ‘ਆਪ’ ਵਿਚ ਚਲੇ ਗਏ ਸਨ। ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਨੂੰ ਅੰਦਰੂਨੀ ਪੱਧਰ ‘ਤੇ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸ਼੍ਰੋਮਣੀ ਕਮੇਟੀ ਦੀਆਂ 2011 ਦੀਆਂ ਚੋਣਾਂ ‘ਤੇ ਜੇਕਰ ਝਾਤ ਮਾਰੀ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਸੰਤ ਸਮਾਜ ਦੀ ਮਦਦ ਨਾਲ ਕੁੱਲ 170 ‘ਚੋਂ 157 ਸੀਟਾਂ ‘ਤੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਸੀ। ਇਸ ਤੋਂ ਪਹਿਲਾਂ ਹੋਈਆਂ ਚੋਣਾਂ ਵਿਚ ਵੀ ਸ਼੍ਰੋਮਣੀ ਅਕਾਲੀ ਦਲ ਦੀ ਹੀ ਝੰਡੀ ਸੀ। ਪਿਛਲੀ ਵਾਰ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ 2016 ਵਿਚ ਹੋਣੀਆਂ ਸਨ, ਉਸ ਵੇਲੇ ਸਹਿਜਧਾਰੀ ਸਿੱਖ ਜਥੇਬੰਦੀ ਵੱਲੋਂ ਪਹਿਲਾਂ 2011 ਵਿਚ ਹੋਈਆਂ ਚੋਣਾਂ ਨੂੰ ਸਰਵਉੱਚ ਅਦਾਲਤ ਵਿਚ ਚੁਣੌਤੀ ਦਿੱਤੀ ਗਈ ਸੀ। ਇਸ ਮਾਮਲੇ ਦੀ ਸੁਣਵਾਈ ਕਰਦਿਆਂ ਸਰਵ ਉੱਚ ਅਦਾਲਤ ਨੇ 2011 ਵਿਚ ਚੁਣੇ ਗਏ ਨਵੇਂ ਸਦਨ ਨੂੰ ਬਹਾਲ ਰੱਖਣ ਦੇ ਆਦੇਸ਼ ਕੀਤੇ ਸਨ।
ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਵਿਚ ਇਸ ਵੇਲੇ ਕੁੱਲ 191 ਮੈਂਬਰ ਹਨ, ਜਿਨ੍ਹਾਂ ‘ਚੋਂ 170 ਚੁਣ ਕੇ ਆਉਂਦੇ ਹਨ ਤੇ 15 ਨਾਮਜ਼ਦ ਕੀਤੇ ਜਾਂਦੇ ਹਨ। ਪੰਜ ਤਖ਼ਤਾਂ ਦੇ ਜਥੇਦਾਰ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵੀ ਸਦਨ ਦੇ ਮੈਂਬਰ ਹਨ। ਹਾਲ ਹੀ ਵਿਚ ਸਰਵ ਉੱਚ ਅਦਾਲਤ ਵੱਲੋਂ ਹਰਿਆਣਾ ‘ਚ ਵੱਖਰੀ ਗੁਰਦੁਆਰਾ ਕਮੇਟੀ ਨੂੰ ਮਾਨਤਾ ਦਿੱਤੇ ਜਾਣ ਮਗਰੋਂ ਹੁਣ ਕੁੱਲ ਗਿਣਤੀ ਵਿਚ ਹਰਿਆਣਾ ਦੇ ਮੈਂਬਰਾਂ ਦੀ ਗਿਣਤੀ ਸ਼ਾਮਲ ਨਹੀਂ ਹੋਵੇਗੀ। ਇਸ ਲਿਹਾਜ਼ ਨਾਲ ਐਤਕੀਂ ਮੁਕਾਬਲਾ ਬਹੁ-ਕੋਣਾ ਹੋਣ ਦੇ ਆਸਾਰ ਹਨ ਤੇ ਵੇਖਣਾ ਇਹ ਹੋਵੇਗਾ ਕਿ ਮੌਜੂਦਾ ਸਥਿਤੀ ਵਿਚ ਸ਼੍ਰੋਮਣੀ ਅਕਾਲੀ ਦਲ ਆਪਣੀ ਜਿੱਤ ਦੀ ਪਿਰਤ ਨੂੰ ਕਾਇਮ ਰੱਖ ਪਾਉਂਦਾ ਹੈ ਜਾਂ ਨਹੀਂ।

Leave a comment