#PUNJAB

ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਐੱਸ.ਜੀ.ਪੀ.ਸੀ. ਦੇ ਪ੍ਰਧਾਨ ਦੇ ਅਹੁਦੇ ਲਈ ਬੀਬੀ ਜਗੀਰ ਕੌਰ ਨੂੰ ਉਮੀਦਵਾਰ ਐਲਾਨਿਆ

ਜਲੰਧਰ, 18 ਅਕਤੂਬਰ (ਪੰਜਾਬ ਮੇਲ)- ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਅੱਜ ਜਲੰਧਰ ਵਿਚ ਅਹਿਮ ਮੀਟਿੰਗ ਕੀਤੀ ਗਈ। ਇਸ ਦੌਰਾਨ ਐੱਸ.ਜੀ.ਪੀ.ਸੀ. ਚੋਣਾਂ ਸਮੇਤ ਕਈ ਹੋਰ ਮੁੱਦਿਆਂ ‘ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਬਾਗੀ ਧੜੇ ਨੇ ਐੱਸ.ਜੀ.ਪੀ.ਸੀ. ਦੇ ਪ੍ਰਧਾਨ ਦੇ ਅਹੁਦੇ ਦੀਆਂ ਚੋਣਾਂ ਨੂੰ ਲੈ ਕੇ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਬਾਗੀ ਧੜੇ ਵੱਲੋਂ ਬੀਬੀ ਜਾਗੀਰ ਕੌਰ ਨੂੰ ਆਪਣਾ ਉਮੀਦਵਾਰ ਐਲਾਨਿਆ ਗਿਆ ਹੈ। ਮੀਟਿੰਗ ਵਿਚ ਪ੍ਰੇਮ ਸਿੰਘ ਚੰਦੂਮਾਜਰਾ, ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ ਸਮੇਤ ਕਈ ਸੀਨੀਅਰ ਆਗੂ ਮੌਜੂਦ ਰਹੇ।
ਇਸ ਮੌਕੇ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਅੱਜ ਅਕਾਲੀ ਦਲ ਸੁਧਾਰ ਲਹਿਰ ਦੀ ਮੀਟਿੰਗ ਹੋਈ ਹੈ, ਜਿਸ ਵਿਚ ਕਈ ਅਹਿਮ ਫ਼ੈਸਲੇ ਲਏ ਗਏ ਹਨ। ਮੀਟਿੰਗ ਦਾ ਮੁੱਖ ਮਕਸਦ ਸ੍ਰੀ ਅਕਾਲ ਤਖ਼ਤ ਸਾਹਿਬ ਵਿਚ ਹੋਏ ਵਿਵਾਦ ‘ਤੇ ਚਰਚਾ ਸੀ। ਕਈ ਗਲਤ ਇਲਜ਼ਾਮ ਲਗਾਉਣ ਦੀ ਕੋਸ਼ਿਸ਼ ਕੀਤੀ ਗਈ। ਇੰਨੀ ਮਜਬੂਰੀ ਆ ਗਈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਅਸਤੀਫ਼ਾ ਦੇਣਾ ਪਿਆ ਪਰ ਜਦੋਂ ਸੰਸਥਾਵਾਂ ਨਾਲ ਖੜ੍ਹੀਆਂ ਹੋਈਆਂ, ਤਾਂ ਅਸਤੀਫ਼ਾ ਮਨਜ਼ੂਰ ਨਹੀਂ ਹੋਣ ਦਿੱਤਾ ਗਿਆ।
ਵਡਾਲਾ ਨੇ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਨੇ ਪਿਛਲੇ ਦਿਨੀਂ ਕਈ ਗੱਲਾਂ ਕਹੀਆਂ ਸਨ। ਕੁਝ ਦਿਨਾਂ ‘ਚ ਇਸ ਪਿੱਛੇ ਕੌਣ ਸੀ, ਇਹ ਵੀ ਸਾਹਮਣੇ ਆ ਜਾਵੇਗਾ। ਕਿਸੇ ਨੂੰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਦਾ ਅਧਿਕਾਰ ਨਹੀਂ ਹੈ ਅਤੇ ਸਾਰੇ ਫ਼ੈਸਲੇ ਮਰਿਆਦਾ ਦੇ ਆਧਾਰ ‘ਤੇ ਲਏ ਜਾਣਗੇ। ਵਲਟੋਹਾ ਦੇ ਕਹਿਣ ‘ਤੇ ਪ੍ਰੰਪਰਾ ਨਹੀਂ ਬਦਲੀ ਜਾ ਸਕਦੀ। ਇਸ ਫ਼ੈਸਲੇ ‘ਤੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਮੈਂ ਧੰਨਵਾਦੀ ਹਾਂ ਕਿ ਆਗੂਆਂ ਨੇ ਮੇਰੇ ‘ਤੇ ਭਰੋਸਾ ਪ੍ਰਗਟਾਇਆ ਹੈ। ਮੁੱਖ ਸੇਵਾਦਾਰ ਉਮੀਦਵਾਰ ਵਜੋਂ ਐਲਾਨੇ ਜਾਣ ‘ਤੇ ਮੈਂ ਮਾਣ ਮਹਿਸੂਸ ਕਰਦੀ ਹਾਂ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਕੌਮ ਦੀ ਸੰਸਥਾ ਹੈ। ਕਮੇਟੀ ਵਿਚ ਸਿਆਸੀ ਤੌਰ ‘ਤੇ ਬੀਤੇ ਦਿਨੀਂ ਕਈ ਵਾਰ ਦਖ਼ਲ ਅੰਦਾਜ਼ੀ ਕੀਤੀ ਗਈ ਪਰ ਮੈਂ ਭਰੋਸਾ ਦਿਵਾਉਂਦੀ ਹਾਂ ਕਿ ਮੇਰੇ ਪ੍ਰਧਾਨ ਬਣਨ ‘ਤੇ ਅਜਿਹਾ ਨਹੀਂ ਹੋਵੇਗਾ। ਉਥੇ ਹੀ ਸਾਬਕਾ ਮੰਤਰੀ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ‘ਚ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪੰਥ ਨੇ ਗਿਆਨੀ ਹਰਪ੍ਰੀਤ ਸਿੰਘ ਦਾ ਸਾਥ ਦਿੱਤਾ। ਚੰਦੂਮਾਜਰਾ ਨੇ ਬੀਬੀ ਜਗੀਰ ਕੌਰ ਨੂੰ ਉਮੀਦਵਾਰ ਚੁਣੇ ਜਾਣ ‘ਤੇ ਵਧਾਈ ਦਿੱਤੀ।