-ਟਰੰਪ ਪ੍ਰਸ਼ਾਸਨ ਦੀਆਂ ਸਖ਼ਤ ਇਮੀਗ੍ਰੇਸ਼ਨ ਨੀਤੀਆਂ ‘ਤੇ ਫਿਰ ਸਵਾਲ ਖੜ੍ਹੇ ਹੋਏ
ਵਾਸ਼ਿੰਗਟਨ ਡੀ.ਸੀ., 18 ਮਈ (ਪੰਜਾਬ ਮੇਲ)- ਅਮਰੀਕਾ ‘ਚ ਇਮੀਗ੍ਰੇਸ਼ਨ ਕਾਰਵਾਈ ਨੂੰ ਲੈ ਕੇ ਇੱਕ ਹੋਰ ਵੱਡਾ ਵਿਵਾਦ ਸਾਹਮਣੇ ਆਇਆ ਹੈ। ਇੱਕ ਗ੍ਰੀਨ ਕਾਰਡ ਧਾਰਕ ਨੂੰ ਏਅਰਪੋਰਟ ‘ਤੇ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਸਨੂੰ ਹਥਕੜੀਆਂ ਅਤੇ ਪੈਰਾਂ ਵਿਚ ਜੰਜ਼ੀਰਾਂ ਪਾ ਕੇ ਅਮਰੀਕਾ ਦੇ ਕਈ ਸੂਬਿਆਂ ਵਿਚ ਲਿਜਾਣ ਦੇ ਦੋਸ਼ ਲੱਗੇ ਹਨ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਟਰੰਪ ਪ੍ਰਸ਼ਾਸਨ ਦੀਆਂ ਸਖ਼ਤ ਇਮੀਗ੍ਰੇਸ਼ਨ ਨੀਤੀਆਂ ‘ਤੇ ਫਿਰ ਸਵਾਲ ਖੜ੍ਹੇ ਹੋ ਰਹੇ ਹਨ।
ਰਿਪੋਰਟਾਂ ਮੁਤਾਬਕ ਉਹ ਵਿਅਕਤੀ ਕਾਨੂੰਨੀ ਤੌਰ ‘ਤੇ ਅਮਰੀਕਾ ਵਿਚ ਰਹਿ ਰਿਹਾ ਸੀ ਅਤੇ ਉਸਦੇ ਕੋਲ ਵੈਧ ਗ੍ਰੀਨ ਕਾਰਡ ਸੀ। ਪਰ ਵਿਦੇਸ਼ ਯਾਤਰਾ ਤੋਂ ਵਾਪਸੀ ਦੌਰਾਨ ਏਅਰਪੋਰਟ ‘ਤੇ ਉਸਨੂੰ ਅਚਾਨਕ ਰੋਕ ਲਿਆ ਗਿਆ ਅਤੇ ਲੰਬੀ ਪੁੱਛਗਿੱਛ ਤੋਂ ਬਾਅਦ ICE ਦੀ ਹਿਰਾਸਤ ‘ਚ ਭੇਜ ਦਿੱਤਾ ਗਿਆ।
ਪਰਿਵਾਰ ਮੁਤਾਬਕ ਗ੍ਰਿਫ਼ਤਾਰੀ ਤੋਂ ਬਾਅਦ ਉਸ ਵਿਅਕਤੀ ਨੂੰ ਹੱਥਾਂ, ਕਮਰ ਅਤੇ ਪੈਰਾਂ ਵਿਚ ਬੇੜੀਆਂ ਪਾ ਕੇ ਇੱਕ ਸੈਂਟਰ ਤੋਂ ਦੂਜੇ ਸੈਂਟਰ ਭੇਜਿਆ ਗਿਆ। ਦੋਸ਼ ਹੈ ਕਿ ਉਸਨੂੰ ਕਈ ਵਾਰ ਫਲਾਈਟਾਂ ਰਾਹੀਂ ਵੱਖ-ਵੱਖ ਡਿਟੇਨਸ਼ਨ ਸੈਂਟਰਾਂ ਵਿਚ ਲਿਜਾਇਆ ਗਿਆ ਅਤੇ ਕਈ ਘੰਟਿਆਂ ਤੱਕ ਢੰਗ ਦਾ ਖਾਣਾ ਜਾਂ ਆਰਾਮ ਨਹੀਂ ਦਿੱਤਾ ਗਿਆ।
ਪਰਿਵਾਰ ਨੇ ਕਿਹਾ ਕਿ ”ਉਸ ਨਾਲ ਐਸਾ ਸਲੂਕ ਕੀਤਾ ਗਿਆ, ਜਿਵੇਂ ਉਹ ਕੋਈ ਖ਼ਤਰਨਾਕ ਅਪਰਾਧੀ ਹੋਵੇ, ਜਦਕਿ ਉਹ ਕਾਨੂੰਨੀ ਰਿਹਾਇਸ਼ੀ ਸੀ।”
ਇਮੀਗ੍ਰੇਸ਼ਨ ਵਕੀਲਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਗ੍ਰੀਨ ਕਾਰਡ ਧਾਰਕ ਅਤੇ ਵੀਜ਼ਾ ਧਾਰਕ ਦੀ ਏਅਰਪੋਰਟਾਂ ‘ਤੇ ਵਧੀ ਹੋਈ ਜਾਂਚ ਕੀਤੀ ਜਾ ਰਹੀ ਹੈ। ਖ਼ਾਸ ਕਰਕੇ ਉਹ ਲੋਕ ਜਿਨ੍ਹਾਂ ਦਾ ਕੋਈ ਪੁਰਾਣਾ ਕੇਸ, ਗ੍ਰਿਫ਼ਤਾਰੀ ਰਿਕਾਰਡ ਜਾਂ ਇਮੀਗ੍ਰੇਸ਼ਨ ਈਸ਼ੂ ਰਿਹਾ ਹੋਵੇ, ਉਨ੍ਹਾਂ ਨੂੰ ਵਧੇਰੇ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਈ ਕੇਸਾਂ ਵਿਚ ਲੋਕਾਂ ਨੂੰ ਘੰਟਿਆਂ ਤੱਕ ਏਅਰਪੋਰਟ ‘ਤੇ ਰੱਖਿਆ ਗਿਆ, ਜਦਕਿ ਕੁਝ ਨੂੰ ICE ਡਿਟੈਨਸ਼ਨ ਸੈਂਟਰਾਂ ਵਿਚ ਭੇਜ ਦਿੱਤਾ ਗਿਆ।
ਮਨੁੱਖੀ ਅਧਿਕਾਰ ਸੰਗਠਨ ਨੇ ਇਸ ਮਾਮਲੇ ਨੂੰ ”ਗੈਰ-ਮਾਨਵੀ” ਕਰਾਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਾਨੂੰਨੀ ਤੌਰ ‘ਤੇ ਰਹਿ ਰਹੇ ਲੋਕਾਂ ਨਾਲ ਇਸ ਤਰ੍ਹਾਂ ਦਾ ਸਲੂਕ ਡਰ ਦਾ ਮਾਹੌਲ ਪੈਦਾ ਕਰ ਰਿਹਾ ਹੈ। ਕਈ ਸੰਸਥਾਵਾਂ ਨੇ ਦੋਸ਼ ਲਗਾਇਆ ਕਿ ਟਰੰਪ ਪ੍ਰਸ਼ਾਸਨ ਦੀ ਦੇਸ਼ ਨਿਕਾਲੇ ਦੀ ਨੀਤੀ ਕਾਰਨ ਇਮੀਗ੍ਰੇਸ਼ਨ ਅਧਿਕਾਰੀ ਨੂੰ ਬਹੁਤ ਜ਼ਿਆਦਾ ਸਖ਼ਤ ਕਾਰਵਾਈ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਗੁੱਸਾ ਦੇਖਣ ਨੂੰ ਮਿਲਿਆ। ਲੋਕਾਂ ਨੇ ਸਵਾਲ ਉਠਾਏ ਕਿ ਜੇ ਗਰੀਨ ਕਾਰਡ ਧਾਰਕ ਵੀ ਸੁਰੱਖਿਅਤ ਨਹੀਂ ਹਨ, ਤਾਂ ਫਿਰ ਆਮ ਇਮੀਗ੍ਰਰਾਂਟਸ ਦਾ ਕੀ ਹੋਵੇਗਾ।
ਕਈ ਯੂਜ਼ਰਸ ਨੇ ਇਸ ਘਟਨਾ ਦੀ ਤੁਲਨਾ ਜੇਲ੍ਹ ਵਰਗੇ ਸਲੂਕ ਨਾਲ ਕੀਤੀ ਅਤੇ ICE ਡਿਟੈਨਸ਼ਨ ਸਿਸਟਮ ਵਿਚ ਸੁਧਾਰ ਦੀ ਮੰਗ ਕੀਤੀ।
ਇਮੀਗ੍ਰੇਸ਼ਨ ਮਾਹਿਰਾਂ ਨੇ ਹੁਣ ਗਰੀਨ ਕਾਰਡ ਧਾਰਕਾਂ ਅਤੇ ਵੀਜ਼ਾ ਹੋਲਡਰਾਂ ਨੂੰ ਅੰਤਰਰਾਸ਼ਟਰੀ ਯਾਤਰਾ ਦੌਰਾਨ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਕਿਸੇ ਦਾ ਪੁਰਾਣਾ ਅਪਰਾਧਿਕ ਰਿਕਾਰਡ, ਵੀਜ਼ਾ ਦੀ ਮਿਆਦ ਤੋਂ ਵੱਧ ਸਮਾਂ ਰਹਿਣਾ ਜਾਂ ਇਮੀਗ੍ਰੇਸ਼ਨ ਉਲੰਘਣਾ ਦਾ ਮਾਮਲਾ ਰਿਹਾ ਹੋਵੇ, ਤਾਂ ਯਾਤਰਾ ਤੋਂ ਪਹਿਲਾਂ ਵਕੀਲ ਨਾਲ ਸਲਾਹ ਲੈਣੀ ਚਾਹੀਦੀ ਹੈ।
ਇਹ ਮਾਮਲਾ ਹੁਣ ਅਮਰੀਕਾ ‘ਚ ਇਮੀਗ੍ਰੇਸ਼ਨ ਇਨਫੋਰਸਮੈਂਟ ਅਤੇ ਸਿਵਲ ਅਧਿਕਾਰਾਂ ਨੂੰ ਲੈ ਕੇ ਵੱਡੀ ਚਰਚਾ ਦਾ ਕਾਰਨ ਬਣ ਗਿਆ ਹੈ। ਵਿਰੋਧੀ ਧਿਰ ਦਾ ਕਹਿਣਾ ਹੈ ਕਿ ਸਰਕਾਰ ਸੁਰੱਖਿਆ ਦੇ ਨਾਮ ‘ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਰਹੀ ਹੈ, ਜਦਕਿ ਟਰੰਪ ਸਮਰਥਕਾਂ ਦਾ ਦਾਅਵਾ ਹੈ ਕਿ ਸਖ਼ਤ ਬਾਰਡਰ ਕੰਟਰੋਲ ਦੇਸ਼ ਦੀ ਸੁਰੱਖਿਆ ਲਈ ਜ਼ਰੂਰੀ ਹੈ।
ਗ੍ਰੀਨ ਕਾਰਡ ਧਾਰਕ ਨੂੰ ਗ੍ਰਿਫ਼ਤਾਰ ਕਰਕੇ ਹੱਥਕੜੀਆਂ ਪਾ ਕੇ ਕਈ ਅਮਰੀਕੀ ਸੂਬਿਆਂ ‘ਚ ਲਿਜਾਣ ਦੇ ਦੋਸ਼

