#AMERICA

ਹੱਤਿਆ ਮਾਮਲੇ ‘ਚ 16 ਸਾਲ ਕੈਦ ਕੱਟਣ ਉਪਰੰਤ ਰਿਹਾਅ ਹੋਈ ਔਰਤ

-ਅਦਾਲਤ ਨੇ 3.4 ਕਰੋੜ ਡਾਲਰ ਮੁਆਵਜ਼ੇ ਵਜੋਂ ਦੇਣ ਦਾ ਦਿੱਤਾ ਆਦੇਸ਼
ਸੈਕਰਾਮੈਂਟੋ, 17 ਦਸੰਬਰ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਨੇਵਾਡਾ ਵਿਚ ਇਕ ਸੰਘੀ ਜਿਊਰੀ ਨੇ ਉਸ ਔਰਤ ਨੂੰ 3.4 ਕਰੋੜ ਡਾਲਰ ਮੁਆਵਜ਼ੇ ਵਜੋਂ ਦੇਣ ਦਾ ਆਦੇਸ਼ ਦਿੱਤਾ ਹੈ, ਜਿਸ ਨੂੰ 2001 ਵਿਚ ਇਕ ਬੇਘਰੇ ਵਿਅਕਤੀ ਦੀ ਹੱਤਿਆ ਦੇ ਮਾਮਲੇ ਵਿਚ ਗਲਤੀ ਨਾਲ ਦੋਸ਼ੀ ਕਰਾਰ ਦੇ ਕੇ ਜੇਲ ਭੇਜ ਦਿੱਤਾ ਗਿਆ ਸੀ। ਕ੍ਰਿਸਟਿਨ ਲੋਬਾਟੋ ਨਾਮੀ ਔਰਤ ਨੂੰ ਤਕਰੀਬਨ 16 ਸਾਲ ਕੈਦ ਕੱਟਣ ਉਪਰੰਤ ਜਨਵਰੀ 2018 ‘ਚ ਰਿਹਾਅ ਕਰ ਦਿੱਤਾ ਗਿਆ ਸੀ। ਸਿਵਲ ਟਰਾਇਲ ਜਿਊਰੀ ਨੇ ਆਪਣੇ ਨਿਰਣੇ ਵਿਚ ਕਿਹਾ ਹੈ ਕਿ ਲਾਸ ਵੇਗਾਸ ਪੁਲਿਸ ਤੇ ਸੇਵਾਮੁਕਤ ਹੋ ਚੁੱਕੇ ਦੋ ਖੁਫੀਆ ਅਧਿਕਾਰੀਆਂ ਨੇ ਆਪਣੀ ਜਾਂਚ ਦੌਰਾਨ ਮਨਘੜਤ ਸਬੂਤ ਜੁਟਾਏ ਤੇ ਜਾਣਬੁੱਝ ਕੇ ਲੋਬਾਟੋ ਨੂੰ ਫਸਾਇਆ। ਜਦੋਂ ਯੂ.ਐੱਸ. ਡਿਸਟ੍ਰਿਕਟ ਕੋਰਟ ਲਾਸ ਵੇਗਾਸ ਨੇ ਮੁਆਵਜ਼ੇ ਦਾ ਆਦੇਸ਼ ਦਿੱਤਾ, ਤਾਂ ਕ੍ਰਿਸਟਿਨ ਲੋਬਾਟੋ ਜੋ ਹੁਣ 41 ਸਾਲਾਂ ਦੀ ਹੋ ਚੁੱਕੀ ਹੈ, ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਉਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਪਹਾੜ ਜਿੱਡੀ ਲੜਾਈ ਸੀ, ਮੈਨੂੰ ਨਿਆਂ ਲੈਣ ਲਈ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਮੈਂ ਖੁਸ਼ ਹਾਂ ਕਿ ਅੰਤ ਨੂੰ ਮੇਰੀਆਂ ਸਾਰੀਆਂ ਮੁਸ਼ਕਿਲਾਂ ਖਤਮ ਹੋ ਗਈਆਂ ਹਨ ਤੇ ਮੈਨੂੰ ਨਿਆਂ ਮਿਲਿਆ ਹੈ। ਖੁਫੀਆ ਅਧਿਕਾਰੀਆਂ ਥਾਮਸ ਥੋਸੇਨ ਤੇ ਜੇਮਸ ਲਾਰਚੇਲੇ ਤੇ ਉਨ੍ਹਾਂ ਦੇ ਵਕੀਲ ਕਰੈਗ ਐਂਡਰਸਨ ਨੇ ਅਦਾਲਤ ਦੇ ਬਾਹਰ ਜਿਊਰੀ ਦੇ ਨਿਰਣੇ ‘ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਐਂਡਰਸਨ ਨੇ ਕਿਹਾ ਕਿ ਉਹ ਫੈਸਲੇ ਵਿਰੁੱਧ ਅਪੀਲ ਕਰ ਸਕਦੇ ਹਨ।