ਬੀਜਿੰਗ, 16 ਮਾਰਚ (ਪੰਜਾਬ ਮੇਲ)- ਪੰਜਾਬੀ ਭਾਸ਼ਾ ਦੁਨੀਆਂ ਦੀਆਂ ਮਹੱਤਵਪੂਰਨ ਭਾਸ਼ਾਵਾਂ ਵਿਚੋਂ ਇੱਕ ਹੈ ਅਤੇ ਇਹ ਸਿਰਫ਼ ਭਾਰਤ ਤੱਕ ਹੀ ਸੀਮਿਤ ਨਹੀਂ ਰਹੀ। ਪੰਜਾਬੀ ਭਾਸ਼ਾ ਲਾਗਾਤਰ ਵਿਦੇਸ਼ਾਂ ਵਿਚ ਪ੍ਰਫਲਿਤ ਹੋ ਰਹੀ ਹੈ। ਚੀਨ ਦੀ ਬੀਜਿੰਗ ਫੌਰਨ ਸਟੱਡੀਜ਼ ਯੂਨੀਵਰਸਿਟੀ’ (ਬੀ.ਐੱਫ.ਐੱਸ.ਯੂ.) ਨੇ ਆਪਣੇ ਵਿਦੇਸ਼ੀ ਅਤੇ ਭਾਰਤੀ ਭਾਸ਼ਾਵਾਂ ਦੇ ਕੋਰਸਾਂ ਵਿਚ ਹੁਣ ਪੰਜਾਬੀ ਭਾਸ਼ਾ ਨੂੰ ਵੀ ਸ਼ਾਮਲ ਕਰ ਲਿਆ ਹੈ। ਇਸ ਦੇ ਨਾਲ ਹੀ ਪੰਜਾਬੀ ਇਸ ਯੂਨੀਵਰਸਿਟੀ ਵਿਚ ਪੜ੍ਹਾਈ ਜਾਣ ਵਾਲੀ 102ਵੀਂ ਭਾਸ਼ਾ ਬਣ ਗਈ ਹੈ।
ਇਸ ਤੋਂ ਪਹਿਲਾਂ ਇੱਥੇ ਹਿੰਦੀ, ਤਾਮਿਲ ਤੇ ਉਰਦੂ ਸਮੇਤ 101 ਭਾਸ਼ਾਵਾਂ ਪੜ੍ਹਾਈਆਂ ਜਾ ਰਹੀਆਂ ਹਨ। ਇਹ ਕੋਰਸ ਮੁੱਖ ਤੌਰ ‘ਤੇ ਚੀਨੀ ਵਿਦਿਆਰਥੀਆਂ, ਡਿਪਲੋਮੈਟਾਂ ਤੇ ਸਰਕਾਰੀ ਅਧਿਕਾਰੀਆਂ ਲਈ ਹੁੰਦੇ ਹਨ, ਤਾਂ ਕਿ ਉਹ ਵਿਦੇਸ਼ੀ ਭਾਸ਼ਾਵਾਂ ਵਿਚ ਮਾਹਰ ਹੋ ਸਕਣ।
ਯੂਨੀਵਰਸਿਟੀ ਨੇ ਪੰਜਾਬੀ ਭਾਸ਼ਾ ਸਿਖਾਉਣ ਲਈ ਬਠਿੰਡਾ ਦੀ ਕੇਂਦਰੀ ਪੰਜਾਬ ਯੂਨੀਵਰਸਿਟੀ (ਸੀ.ਯੂ.ਪੀ.ਬੀ.) ਦੀ ਸਾਬਕਾ ਪ੍ਰੋਫੈਸਰ ਅਤੇ ਡੀਨ ਡਾ. ਜ਼ਮੀਰਪਾਲ ਕੌਰ ਸੰਧੂ ਬਾਜਵਾ ਨੂੰ ਨਿਯੁਕਤ ਕੀਤਾ ਹੈ। ਡਾ. ਕੌਰ ਨੇ ਦੱਸਿਆ ਕਿ ਉਹ ਉੱਥੇ ਸਿਰਫ਼ ਭਾਸ਼ਾ ਹੀ ਨਹੀਂ, ਸਗੋਂ ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ ਵੀ ਪੜ੍ਹਾਉਣਗੇ। ਇਸ ਤੋਂ ਇਲਾਵਾ ਉਨ੍ਹਾਂ ਦੀ ਇੱਕ ਅਹਿਮ ਜ਼ਿੰਮੇਵਾਰੀ ਚੀਨੀ ਅਧਿਆਪਕਾਂ ਨੂੰ ਸਿਖਲਾਈ ਦੇਣਾ ਹੋਵੇਗੀ, ਤਾਂ ਕਿ ਆਉਣ ਵਾਲੇ ਸਮੇਂ ਵਿਚ ਉਹ ਖੁਦ ਚੀਨੀ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਾ ਸਕਣ।
ਅੱਜਕੱਲ੍ਹ ਪੰਜਾਬੀ ਕਈ ਦੇਸ਼ਾਂ ਵਿਚ ਪੜ੍ਹਾਈ ਅਤੇ ਸਿੱਖਾਈ ਜਾਂਦੀ ਹੈ। ਮੁੱਖ ਤੌਰ ‘ਤੇ ਭਾਰਤ ਅਤੇ ਪਾਕਿਸਤਾਨ ਵਿਚ ਪੰਜਾਬੀ ਭਾਸ਼ਾ ਦਾ ਵੱਡਾ ਪ੍ਰਚਲਨ ਹੈ। ਭਾਰਤ ਦੇ ਪੰਜਾਬ ਸੂਬੇ ਵਿਚ ਇਹ ਸਰਕਾਰੀ ਭਾਸ਼ਾ ਹੈ ਅਤੇ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਪੜ੍ਹਾਈ ਜਾਂਦੀ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਵੀ ਪੰਜਾਬੀ ਲੋਕਾਂ ਦੀ ਬੋਲਚਾਲ ਦੀ ਮਹੱਤਵਪੂਰਨ ਭਾਸ਼ਾ ਹੈ।
ਇਸ ਤੋਂ ਇਲਾਵਾ ਕੈਨੇਡਾ, ਯੂਨਾਈਟਿਡ ਕਿੰਗਡਮ, ਆਸਟ੍ਰੇਲੀਆ ਅਤੇ ਸੰਯੁਕਤ ਰਾਜ ਅਮਰੀਕਾ ਵਰਗੇ ਦੇਸ਼ਾਂ ਵਿਚ ਵੀ ਪੰਜਾਬੀ ਸਿੱਖਣ ਲਈ ਕੋਰਸ ਅਤੇ ਵਿਭਾਗ ਚੱਲ ਰਹੇ ਹਨ। ਇਨ੍ਹਾਂ ਦੇਸ਼ਾਂ ਵਿਚ ਵੱਡੀ ਗਿਣਤੀ ਵਿਚ ਪੰਜਾਬੀ ਭਾਈਚਾਰਾ ਵਸਦਾ ਹੈ, ਜਿਸ ਕਾਰਨ ਸਕੂਲਾਂ ਅਤੇ ਯੂਨੀਵਰਸਿਟੀਆਂ ਵਿਚ ਪੰਜਾਬੀ ਭਾਸ਼ਾ ਦੀ ਪੜ੍ਹਾਈ ਨੂੰ ਪ੍ਰੋਤਸਾਹਨ ਮਿਲ ਰਿਹਾ ਹੈ।
ਇਸ ਤਰ੍ਹਾਂ ਦੁਨੀਆਂ ਦੇ ਘੱਟੋ-ਘੱਟ 8 ਤੋਂ 10 ਦੇਸ਼ਾਂ ਵਿਚ ਪੰਜਾਬੀ ਭਾਸ਼ਾ ਕਿਸੇ ਨਾ ਕਿਸੇ ਪੱਧਰ ‘ਤੇ ਪੜ੍ਹਾਈ ਜਾਂਦੀ ਹੈ। ਇਹ ਗੱਲ ਪੰਜਾਬੀ ਭਾਸ਼ਾ ਦੀ ਵਿਸ਼ਵ ਪੱਧਰੀ ਪਹੁੰਚ ਅਤੇ ਮਹੱਤਤਾ ਨੂੰ ਦਰਸਾਉਂਦੀ ਹੈ।
ਹੁਣ ਚਾਈਨਾ ਦੀ ਯੂਨੀਵਰਸਿਟੀ ‘ਚ ਪੜ੍ਹਾਈ ਜਾਵੇਗੀ ਪੰਜਾਬੀ ਭਾਸ਼ਾ!

