#CANADA

ਹੁਣ ਕੈਨੇਡਾ ਕੱਸਣ ਜਾ ਰਿਹਾ ਵਰਕ ਪਰਮਿਟ (ਐੱਲ.ਐੱਮ.ਆਈ.ਏ.) ‘ਤੇ ਸ਼ਿਕੰਜਾ

ਟੋਰਾਂਟੋ, 27 ਨਵੰਬਰ (ਬਲਜਿੰਦਰ ਸੇਖਾ/ਪੰਜਾਬ ਮੇਲ)- ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਵਰਕ ਪਰਮਿਟ (ਐੱਲ.ਐੱਮ.ਆਈ.ਏ.) ਦੀਆਂ ਧੋਖਾਧੜੀ ਦੇ ਕਾਰਨ ਪੱਕੇ ਹੋਣ ਲਈ (ਪੀ.ਆਰ.) ਲਈ 50 ਐੱਲ.ਐੱਮ.ਆਈ.ਏ. ਬੋਨਸ ਪੁਆਇੰਟਾਂ ਨੂੰ ਹਟਾਉਣ ਬਾਰੇ ਸਰਕਾਰ ਵਿਚਾਰ ਕਰ ਰਹੀ ਹੈ ।
ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਦੱਸਿਆ ਕਿ ਐੱਲ.ਐੱਮ.ਆਈ.ਏ. ਦੇ ਵਾਧੂ 50 ਸੀ.ਆਰ.ਐੱਸ. ਪੁਆਇੰਟਾਂ ਨੂੰ ਹਟਾਉਣ ‘ਤੇ ਉਹ ਵਿਚਾਰ ਕਰ ਰਹੇ ਹਨ, ਜੋ ਸਥਾਈ ਨਿਵਾਸੀ ਬਿਨੈਕਾਰ ਕਿਸੇ ਰੁਜ਼ਗਾਰਦਾਤਾ ਦੁਆਰਾ ਪੇਸ਼ ਕੀਤੇ  ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣ (ਐੱਲ.ਐੱਮ.ਆਈ.ਏ.) ਦੁਆਰਾ ਲੈ ਸਕਦੇ ਸਨ।
ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਅਤੇ ਇੱਕ ਵਾਰ ਲਾਗੂ ਹੋ ਜਾਣ ‘ਤੇ ਇੱਕ ਗੇਮ ਚੇਂਜਰ ਹੋਵੇਗਾ। ਐੱਲ.ਐੱਮ.ਆਈ.ਏ. ਦੀ ਮੰਗ ਯਕੀਨੀ ਤੌਰ ‘ਤੇ ਬੰਦ ਹੋ ਜਾਵੇਗੀ ਅਤੇ ਇਸ ਤਰ੍ਹਾਂ ਵਰਕਰਾਂ ਨਾਲ ਦੁਰਵਿਵਹਾਰ ਅਤੇ ਡਾਲਰਾਂ ਦਾ ਲੈਣ-ਦੇਣ ਵੀ ਘੱਟ ਹੋਵੇਗਾ ।
ਪਤਾ ਲੱਗਾ ਸਰਕਾਰ ਕੋਲ ਸ਼ਿਕਾਇਤਾਂ ਪੁੱਜੀਆਂ ਹਨ ਕਿ ਇਸ ਧੰਦੇ ਵਿਚ ਵੱਡੀ ਪੱਧਰ ਤੇ ਪੈਸੇ ਚੱਲ ਰਹੇ ਹਨ।
ਜੇਕਰ ਇਹ ਕਾਨੂੰਨ ਜਲਦੀ ਲਾਗੂ ਹੋ ਗਿਆ, ਤਾਂ ਜਾਇਜ਼ ਵਰਕ ਪਰਮਿਟ ‘ਤੇ ਆਉਣ ਵਾਲੇ ਸਿਰਫ ਕੈਨੇਡਾ ਵਿਚ ਕੰਮ ਹੀ ਕਰ ਸਕਣਗੇ। ਪਰ ਪੱਕੇ ਨਹੀਂ ਹੋਣਗੇ। ਇਸ ਕਾਨੂੰਨ ਦੇ ਜਲਦੀ ਲਾਗੂ ਹੋਣ ਦਾ ਅਨੁਮਾਨ ਹੈ।
ਇਸ ਵੇਲੇ ਬਿਨੈਕਾਰ ਇੱਕ ਐੱਲ.ਐੱਮ.ਆਈ.ਏ. ਲਈ 50 ਅੰਕ ਜਾਂ ਐਕਸਪ੍ਰੈਸ ਐਂਟਰੀ ਪ੍ਰਣਾਲੀ ਦੇ ਅਧੀਨ ਪ੍ਰਬੰਧਨ ਦੀਆਂ ਅਹੁਦਿਆਂ ਲਈ 200 ਅੰਕ ਪ੍ਰਾਪਤ ਕਰ ਸਕਦੇ ਹਨ।
ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ ਦੇ ਨਾਂ ‘ਤੇ ਲੋਕਾਂ ਨੂੰ ਠੱਗਿਆ ਜਾ ਰਿਹਾ ਹੈ ਅਤੇ ਕਾਲਾ ਬਾਜ਼ਾਰੀ ਕਰਦਿਆਂ ਇਕ ਕਾਗਜ਼ ਲਈ 70 ਹਜ਼ਾਰ ਡਾਲਰ ਤੱਕ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਕੈਨੇਡਾ ਸਰਕਾਰ ਇਮੀਗ੍ਰੇਸ਼ਨ ਨਿਯਮਾਂ ਵਿਚ ਸਖ਼ਤੀ ਕਰਨ ਲਈ ਮਜਬੂਰ ਹੋ ਰਹੀ ਹੈ। ਬਗੈਰ ਲਾਇਸੰਸ ਤੋਂ ਕੰਮ ਕਰ ਰਹੇ ਇਮੀਗ੍ਰੇਸ਼ਨ ਸਲਾਹਕਾਰ ਇਸ ਦਾ ਸਭ ਤੋਂ ਵੱਧ ਫ਼ਾਇਦਾ ਉਠਾ ਰਹੇ ਹਨ ਅਤੇ ਪੰਜਾਬੀ ਨੌਜਵਾਨਾਂ ਨੂੰ ਐੱਲ.ਐੱਮ.ਆਈ.ਏ. ਰਾਹੀਂ ਪੱਕਾ ਕਰਵਾਉਣ ਦਾ ਲਾਰਾ ਲਾਇਆ ਜਾਂਦਾ ਹੈ। ਸੋਸ਼ਲ ਮੀਡੀਆ ‘ਤੇ ਠੱਗ ਏਜੰਟਾਂ ਵੱਲੋਂ ਐੱਲ.ਐੱਮ.ਆਈ.ਏ. ਰਾਹੀਂ ਯਕੀਨੀ ਪੀ.ਆਰ. ਦੇ ਦਾਅਵੇ ਵੀ ਕੀਤੇ ਜਾ ਰਹੇ ਹਨ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੈਨੇਡਾ ਸਰਕਾਰ ਵੱਲੋਂ 10 ਸਾਲ ਦੀ ਮਿਆਦ ਵਾਲੇ ਮਲਟੀਪਲ ਐਂਟਰੀ ਵੀਜ਼ਾ ਬੰਦ ਕੀਤੇ ਜਾ ਚੁੱਕੇ ਹਨ ਅਤੇ ਜ਼ਿਆਦਾਤਰ ਮਾਮਲਿਆਂ ਵਿਚ ਸਿੰਗਲ ਐਂਟਰੀ ਵੀਜ਼ਾ ਹੀ ਜਾਰੀ ਕੀਤੇ ਜਾ ਰਹੇ ਹਨ। ਸਿਰਫ਼ ਐਨਾ ਹੀ ਨਹੀਂ ਕੌਮਾਂਤਰੀ ਵਿਦਿਆਰਥੀਆਂ ਨੂੰ ਦਿੱਤੇ ਜਾਣ ਵਾਲੇ ਵੀਜ਼ਿਆਂ ਦੀ ਗਿਣਤੀ ਵੀ ਘਟਾ ਕੇ 4 ਲੱਖ 37 ਹਜ਼ਾਰ ਕੀਤੀ ਜਾ ਚੁੱਕੀ ਹੈ। ਮਾਰਕ ਮਿਲਰ ਨੇ ਵਰਕ ਪਰਮਿਟ ਦੀ ਮਿਆਦ ਵਿਚ ਵਾਧਾ ਕਰਨ ਲਈ ਬਰੈਂਪਟਨ ਵਿਖੇ ਪੱਕੇ ਰੋਸ ਧਰਨੇ ‘ਤੇ ਬੈਠੇ ਸਾਬਕਾ ਕੌਮਾਂਤਰੀ ਵਿਦਿਆਰਥੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਸਟੱਡੀ ਵੀਜ਼ਾ ਤੋਂ ਕੈਨੇਡੀਅਨ ਪੀ.ਆਰ. ਤੱਕ ਪਹੁੰਚਣ ਦਾ ਕੋਈ ਸੌਖਾ ਰਾਹ ਨਹੀਂ। ਕੋਈ ਵਿਦਿਆਰਥੀ ਇਹ ਸੋਚ ਕੇ ਕੈਨੇਡਾ ਨਾ ਆਵੇ ਕਿ ਉਹ ਯਕੀਨੀ ਤੌਰ ‘ਤੇ ਪੀ.ਆਰ. ਹਾਸਲ ਕਰ ਲਵੇਗਾ। ਮਾਰਕ ਮਿਲਰ ਵੱਲੋਂ ਪਿਛਲੇ ਦਿਨੀਂ ਕੌਮਾਂਤਰੀ ਵਿਦਿਆਰਥੀਆਂ ਲਈ ਕਈ ਹਾਂ-ਪੱਖੀ ਐਲਾਨ ਵੀ ਕੀਤੇ ਗਏ, ਜਿਨ੍ਹਾਂ ਤਹਿਤ ਹਫ਼ਤੇ ਵਿਚ ਕੰਮ ਦਾ ਸਮਾਂ 20 ਘੰਟੇ ਤੋਂ ਵਧਾ ਕੇ 24 ਘੰਟੇ ਕਰ ਦਿੱਤਾ ਗਿਆ ਪਰ ਇਸ ਦੇ ਨਾਲ ਹੀ ਕਾਲਜ ਬਦਲਣ ਦੀ ਸੂਰਤ ‘ਚ ਨਵੇਂ ਸਿਰੇ ਤੋਂ ਸਟੱਡੀ ਵੀਜ਼ਾ ਅਰਜ਼ੀ ਦਾਖਲ ਕਰਨ ਦਾ ਨਿਯਮ ਵੀ ਲਾਗੂ ਕਰ ਦਿੱਤਾ ਗਿਆ।
ਇੱਥੇ ਦੱਸਣਾ ਬਣਦਾ ਹੈ ਕਿ ਮੌਜੂਦਾ ਵਰ੍ਹੇ ਦੌਰਾਨ 14 ਹਜ਼ਾਰ ਕੌਮਾਂਤਰੀ ਵਿਦਿਆਰਥੀ ਕੈਨੇਡਾ ‘ਚ ਸ਼ਰਨ ਦਾ ਦਾਅਵਾ ਕਰ ਚੁੱਕੇ ਹਨ ਅਤੇ ਇਹ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਦੂਜੇ ਪਾਸੇ ਕੈਨੇਡਾ ਵਿਚ ਆਰਜ਼ੀ ਵੀਜ਼ਾ ‘ਤੇ ਮੌਜੂਦ ਲੋਕਾਂ ਦੀ ਗਿਣਤੀ 30 ਲੱਖ ਤੋਂ ਟੱਪ ਚੁੱਕੀ ਹੈ ਅਤੇ ਫੈਡਰਲ ਸਰਕਾਰ ਇਸ ‘ਚ ਵੱਡੀ ਕਟੌਤੀ ਕਰਨਾ ਚਾਹੁੰਦੀ ਹੈ।