#CANADA

ਹੁਣ ਕੈਨੇਡਾ ਕੱਸਣ ਜਾ ਰਿਹਾ ਵਰਕ ਪਰਮਿਟ (ਐੱਲ.ਐੱਮ.ਆਈ.ਏ.) ‘ਤੇ ਸ਼ਿਕੰਜਾ

ਟੋਰਾਂਟੋ, 26 ਨਵੰਬਰ (ਬਲਜਿੰਦਰ ਸੇਖਾ/ਪੰਜਾਬ ਮੇਲ)- ਕੈਨੇਡਾ ਦੇ ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਵਰਕ ਪਰਮਿਟ (ਐੱਲ.ਐੱਮ.ਆਈ.ਏ.) ਦੀਆਂ ਧੋਖਾਧੜੀ ਦੇ ਕਾਰਨ ਪੱਕੇ ਹੋਣ ਲਈ (ਪੀ.ਆਰ.) ਲਈ 50 ਐੱਲ.ਐੱਮ.ਆਈ.ਏ. ਬੋਨਸ ਪੁਆਇੰਟਾਂ ਨੂੰ ਹਟਾਉਣ ਬਾਰੇ ਸਰਕਾਰ ਵਿਚਾਰ ਕਰ ਰਹੀ ਹੈ ।
ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਦੱਸਿਆ ਕਿ ਐੱਲ.ਐੱਮ.ਆਈ.ਏ. ਦੇ ਵਾਧੂ 50 ਸੀ.ਆਰ.ਐੱਸ. ਪੁਆਇੰਟਾਂ ਨੂੰ ਹਟਾਉਣ ‘ਤੇ ਉਹ ਵਿਚਾਰ ਕਰ ਰਹੇ ਹਨ, ਜੋ ਸਥਾਈ ਨਿਵਾਸੀ ਬਿਨੈਕਾਰ ਕਿਸੇ ਰੁਜ਼ਗਾਰਦਾਤਾ ਦੁਆਰਾ ਪੇਸ਼ ਕੀਤੇ  ਲੇਬਰ ਮਾਰਕੀਟ ਪ੍ਰਭਾਵ ਮੁਲਾਂਕਣ (ਐੱਲ.ਐੱਮ.ਆਈ.ਏ.) ਦੁਆਰਾ ਲੈ ਸਕਦੇ ਸਨ।
ਉਨ੍ਹਾਂ ਕਿਹਾ ਕਿ ਇਹ ਸਮੇਂ ਦੀ ਲੋੜ ਹੈ ਅਤੇ ਇੱਕ ਵਾਰ ਲਾਗੂ ਹੋ ਜਾਣ ‘ਤੇ ਇੱਕ ਗੇਮ ਚੇਂਜਰ ਹੋਵੇਗਾ। ਐੱਲ.ਐੱਮ.ਆਈ.ਏ. ਦੀ ਮੰਗ ਯਕੀਨੀ ਤੌਰ ‘ਤੇ ਬੰਦ ਹੋ ਜਾਵੇਗੀ ਅਤੇ ਇਸ ਤਰ੍ਹਾਂ ਵਰਕਰਾਂ ਨਾਲ ਦੁਰਵਿਵਹਾਰ ਅਤੇ ਡਾਲਰਾਂ ਦਾ ਲੈਣ-ਦੇਣ ਵੀ ਘੱਟ ਹੋਵੇਗਾ ।
ਪਤਾ ਲੱਗਾ ਸਰਕਾਰ ਕੋਲ ਸ਼ਿਕਾਇਤਾਂ ਪੁੱਜੀਆਂ ਹਨ ਕਿ ਇਸ ਧੰਦੇ ਵਿਚ ਵੱਡੀ ਪੱਧਰ ਤੇ ਪੈਸੇ ਚੱਲ ਰਹੇ ਹਨ।
ਜੇਕਰ ਇਹ ਕਾਨੂੰਨ ਜਲਦੀ ਲਾਗੂ ਹੋ ਗਿਆ, ਤਾਂ ਜਾਇਜ਼ ਵਰਕ ਪਰਮਿਟ ‘ਤੇ ਆਉਣ ਵਾਲੇ ਸਿਰਫ ਕੈਨੇਡਾ ਵਿਚ ਕੰਮ ਹੀ ਕਰ ਸਕਣਗੇ। ਪਰ ਪੱਕੇ ਨਹੀਂ ਹੋਣਗੇ। ਇਸ ਕਾਨੂੰਨ ਦੇ ਜਲਦੀ ਲਾਗੂ ਹੋਣ ਦਾ ਅਨੁਮਾਨ ਹੈ।