– ਟਰੰਪ ਵੱਲੋਂ ਜਨਮ ਅਧਿਕਾਰ ਨਾਗਰਿਕਤਾ ਕਾਨੂੰਨ ਨੂੰ ਖਤਮ ਕਰਨ ਦਾ ਐਲਾਨ
– ਅਮਰੀਕਾ ‘ਚ ਰਹਿ ਰਹੇ ਲੱਖਾਂ ਭਾਰਤੀਆਂ ‘ਤੇ ਪਵੇਗਾ ਅਸਰ
ਵਾਸ਼ਿੰਗਟਨ, 11 ਦਸੰਬਰ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਹੋਰ ਵੱਡਾ ਐਲਾਨ ਕੀਤਾ ਹੈ। ਟਰੰਪ ਨੇ ਅਮਰੀਕਾ ਦੇ ਜਨਮ ਅਧਿਕਾਰ ਨਾਗਰਿਕਤਾ ਕਾਨੂੰਨ ਨੂੰ ਖਤਮ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ਜਦੋਂ ਉਹ ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਣਗੇ, ਤਾਂ ਉਹ ਇਸ ਕਾਨੂੰਨ ਨੂੰ ਬਦਲ ਦੇਣਗੇ। ਜੇਕਰ ਅਜਿਹਾ ਹੁੰਦਾ ਹੈ, ਤਾਂ ਇਸ ਦਾ ਅਸਰ ਅਮਰੀਕਾ ‘ਚ ਰਹਿ ਰਹੇ ਲੱਖਾਂ ਭਾਰਤੀਆਂ ‘ਤੇ ਪਵੇਗਾ।
ਜਨਮ ਅਧਿਕਾਰ ਨਾਗਰਿਕਤਾ ਦਾ ਮਤਲਬ ਹੈ ਕਿ ਅਮਰੀਕਾ ਵਿਚ ਪੈਦਾ ਹੋਇਆ ਕੋਈ ਵੀ ਵਿਅਕਤੀ ਆਪਣੇ ਆਪ ਹੀ ਅਮਰੀਕੀ ਨਾਗਰਿਕ ਬਣ ਜਾਂਦਾ ਹੈ। ਇਹ ਨੀਤੀ ਦਹਾਕਿਆਂ ਤੋਂ ਲਾਗੂ ਹੈ ਅਤੇ ਬਾਹਰੋਂ ਅਮਰੀਕਾ ਆਉਣ ਵਾਲੇ ਲੋਕਾਂ ਨੂੰ ਇਸ ਦਾ ਸਭ ਤੋਂ ਵੱਧ ਫਾਇਦਾ ਹੁੰਦਾ ਹੈ।
ਟਰੰਪ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਦਲੀਲ ਦਿੱਤੀ ਹੈ ਕਿ ਇਸ ਕਾਨੂੰਨ ਦੀ ਦੁਰਵਰਤੋਂ ਹੋ ਰਹੀ ਹੈ ਅਤੇ ਅਮਰੀਕੀ ਨਾਗਰਿਕ ਬਣਨ ਲਈ ਸਖਤ ਮਾਪਦੰਡ ਹੋਣੇ ਚਾਹੀਦੇ ਹਨ। ਐਤਵਾਰ ਨੂੰ ਐੱਨ.ਬੀ.ਸੀ. ਦੇ ”ਮੀਟ ਦਿ ਪ੍ਰੈੱਸ” ਵਿਚ ਇੱਕ ਇੰਟਰਵਿਊ ਦੌਰਾਨ, ਟਰੰਪ ਨੇ ਇਸ ਨੂੰ ”ਹਾਸੋਹੀਣਾ” ਦੱਸਦੇ ਹੋਏ ਕਿਹਾ ਕਿ ਅਜਿਹਾ ਅਸੀਂ ਕਾਰਜਕਾਰੀ ਆਦੇਸ਼ ਜ਼ਰੀਏ ਕਰ ਸਕਦੇ ਹਾਂ। ਉਨ੍ਹਾਂ ਸੰਕੇਤ ਦਿੱਤਾ ਕਿ ਉਹ ਆਪਣੇ ਪਹਿਲੇ ਦਿਨ ਕਾਰਜਕਾਰੀ ਆਦੇਸ਼ਾਂ ਦੀ ਵਰਤੋਂ ਕਰ ਸਕਦੇ ਹਨ, ਪਰ ਉਨ੍ਹਾਂ ਸੰਵਿਧਾਨਕ ਸੋਧ ਦੀ ਸੰਭਾਵਨਾ ਦਾ ਵੀ ਜ਼ਿਕਰ ਕੀਤਾ। ਟਰੰਪ ਨੇ ਕਿਹਾ, ”ਸਾਨੂੰ ਇਸ ਨੂੰ ਖਤਮ ਕਰਨਾ ਹੋਵੇਗਾ। ਉਨ੍ਹਾਂ ਨੇ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਅਤੇ ਨਾਗਰਿਕਤਾ ਖ਼ਤਮ ਕਰਨ ਬਾਰੇ ਡੈਮੋਕ੍ਰੇਟਿਕ ਪਾਰਟੀ ਨਾਲ ਗੱਲ ਕਰਨ ਦਾ ਵੀ ਸੰਕੇਤ ਦਿੱਤਾ।”
ਅਮਰੀਕਾ ਦੀ ਮਰਦਮਸ਼ੁਮਾਰੀ (2022) ਦਾ ਵਿਸ਼ਲੇਸ਼ਣ ਕਰਦੇ ਹੋਏ ਪਿਊ ਰਿਸਰਚ ਨੇ ਕਿਹਾ ਕਿ ਅਮਰੀਕਾ ਵਿਚ 48 ਲੱਖ ਭਾਰਤੀ-ਅਮਰੀਕੀ ਰਹਿੰਦੇ ਹਨ, ਜਿਨ੍ਹਾਂ ਵਿਚੋਂ 34% ਜਾਂ 16 ਲੱਖ ਅਮਰੀਕਾ ਵਿਚ ਪੈਦਾ ਹੋਏ ਹਨ। ਇਹ 16 ਲੱਖ ਲੋਕ ਨਾਗਰਿਕਤਾ ਕਾਨੂੰਨ ਦੇ ਤਹਿਤ ਦੇਸ਼ ਦੇ ਨਾਗਰਿਕ ਹਨ ਕਿਉਂਕਿ ਉਨ੍ਹਾਂ ਦਾ ਜਨਮ ਅਮਰੀਕਾ ਵਿਚ ਹੋਇਆ ਹੈ। ਜੇਕਰ ਟਰੰਪ ਨੇ ਕਾਰਜਕਾਰੀ ਹੁਕਮਾਂ ਤਹਿਤ ਅਮਰੀਕਾ ਵਿਚ ਜਨਮ ਦੇ ਆਧਾਰ ‘ਤੇ ਨਾਗਰਿਕਤਾ ਦੇ ਨਿਯਮ ਨੂੰ ਖ਼ਤਮ ਕਰ ਦਿੱਤਾ ਤਾਂ ਇਸ ਦਾ ਸਿੱਧਾ ਅਸਰ ਭਾਰਤੀ ਮੂਲ ਦੇ ਇਨ੍ਹਾਂ 16 ਲੱਖ ਲੋਕਾਂ ‘ਤੇ ਪਵੇਗਾ।