#INDIA

ਹਿਮਾਚਲ ਪ੍ਰਦੇਸ਼ ’ਚ ਮੀਂਹ ਨੇ ਮਚਾਈ ਤਬਾਹੀ: ਦੋ ਥਾਈਂ ਬੱਦਲ ਫਟਣ ਨਾਲ 3 ਮੌਤਾਂ

ਸ਼ਿਮਲਾ, 1 ਅਗਸਤ ( ਪੰਜਾਬ ਮੇਲ) – ਹਿਮਾਚਲ ਪ੍ਰਦੇਸ਼ ਵਿਚ ਬੱਦਲ ਫਟਣ ਦੀਆਂ ਦੋ ਵੱਖ ਵੱਖ ਘਟਨਾਵਾਂ ਵਿਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 40 ਦੇ ਕਰੀਬ ਲਾਪਤਾ ਦੱਸੇ ਜਾਂਦੇ ਹਨ। ਭਾਰੀ ਮੀਂਹ ਨਾਲ ਕਈ ਘਰ ਤੇ ਸੜਕਾਂ ਰੁੜ੍ਹ ਗਈਆਂ ਤੇ ਦੋ ਪਣਬਿਜਲੀ ਪ੍ਰਾਜੈਕਟਾਂ ਨੂੰ ਨੁਕਸਾਨ ਪੁੱਜਾ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਹੰਗਾਮੀ ਬੈਠਕ ਕਰਕੇ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਸ਼ਿਮਲਾ ਦੇ ਐੱਸਪੀ ਸੰਜੀਵ ਕੁਮਾਰ ਗਾਂਧੀ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਸ਼ਿਮਲਾ ਦੀ ਰਾਮਪੁਰ ਸਬ-ਡਿਵੀਜ਼ਨ ਵਿਚ ਸਮਾਗ ਖੁੱਡ (ਨਾਲਾ) ਵਿਚ ਬੱਦਲ ਫਟਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ 28 ਹੋਰ ਲਾਪਤਾ ਹਨ। ਦੋ ਵਿਅਕਤੀਆਂ ਨੂੰ ਮੌਕੇ ਉੱਤੇ ਬਚਾਇਆ ਗਿਆ ਹੈ।

ਡਿਪਟੀ ਕਮਿਸ਼ਨਰ ਅਨੁਪਮ ਕਸ਼ਯਪ ਨੇ ਕਿਹਾ ਕਿ ਬੱਦਲ ਫਟਣ ਦੀ ਘਟਨਾ ਵੱਡੇ ਤੜਕੇ ਇਕ ਵਜੇ ਦੇ ਕਰੀਬ ਦੀ ਹੈ। ਉਨ੍ਹਾਂ ਕਿਹਾ ਕਿ ਸੜਕਾਂ ਰੁੜ੍ਹਨ ਕਰਕੇ ਰਾਹਤ ਕਾਰਜ ਚੁਣੌਤੀਪੂਰਨ ਬਣ ਗਏ ਹਨ। ਮਾਲੀਆ ਮੰਤਰੀ ਜਗਤ ਸਿੰਘ ਨੇਗੀ ਨੇ ਕਿਹਾ ਕਿ ਸੂਬੇ ਵਿਚ ਭਾਰੀ ਮੀਂਹ ਤੇ ਬੱਦਲ ਫਟਣ ਕਰਕੇ ਵੱਡਾ ਨੁਕਸਾਨ ਹੋਇਆ ਹੈ। ਪ੍ਰਭਾਵਿਤ ਖੇਤਰਾਂ ਵਿਚ ਸੜਕੀ ਸੰਪਰਕ ਟੁੱਟ ਗਿਆ ਹੈ। ਚਾਰ ਪੁਲ ਤੇ ਫੁੱਟਬ੍ਰਿਜ ਰੁੜ੍ਹ ਗਏ ਤੇ ਰਾਹਤ ਕਾਰਜ ਤੇਜ਼ੀ ਨਾਲ ਜਾਰੀ ਹਨ। ਸੇਬ ਦੀ ਫਸਲ ਵੀ ਨੁਕਸਾਨੀ ਗਈ ਹੈ। ਮੌਕੇ ’ਤੇ ਪੁੱਜੇ ਡੀਸੀ ਤੇ ਐੱਸਪੀ ਨੇ ਕਿਹਾ ਕਿ ਐੱਨਡੀਆਰਐੱਫ, ਆਈਟੀਬੀਪੀ, ਪੁਲੀਸ ਤੇ ਹੋਮ ਗਾਰਡਜ਼ ਦੀਆਂ ਟੀਮਾਂ ਨੇ ਰਾਹਤ ਕਾਰਜ ਵਿੱਢ ਦਿੱਤੇ ਹਨ ਤੇ ਲਾਪਤਾ ਵਿਅਕਤੀਆਂ ਦਾ ਖੁਰਾ-ਖੋਜ ਲਾਉਣ ਲਈ ਡਰੋਨਾਂ ਦੀ ਮਦਦ ਲਈ ਜਾ ਰਹੀ ਹੈ। ਇਸ ਦੌਰਾਨ ਬੁੱਧਵਾਰ ਰਾਤ ਨੂੰ ਮੰਡੀ ਜ਼ਿਲ੍ਹੇ ਵਿਚ ਪਾਧਰ ਦੇ ਥਲਾਟੂਖੋੜ ਵਿਚ ਬੱਦਲ ਫਟਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਨੌਂ ਹੋਰ ਲਾਪਤਾ ਹਨ। ਕੁਝ ਘਰ ਢਹਿ ਗਏ ਤੇ ਸੜਕੀ ਸੰਪਰਕ ਵੀ ਟੁੱਟ ਗਿਆ। ਮੰਡੀ ਜ਼ਿਲ੍ਹਾ ਪ੍ਰਸ਼ਾਸਨ ਨੇ ਭਾਰਤੀ ਹਵਾਈ ਸੈਨਾ ਤੇ ਐੱਨਡੀਆਰਐੱਫ ਤੋਂ ਸਹਾਇਤਾ ਮੰਗੀ ਹੈ। ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਨਾਲ ਚੰਡੀਗੜ੍ਹ-ਮਨਾਲੀ ਕੌਮੀ ਸ਼ਾਹਰਾਹ ਨੂੰ ਕਈ ਥਾਵਾਂ ’ਤੇ ਨੁਕਸਾਨ ਪੁੱਜਾ ਹੈ। ਕੁੱਲੂ ਦੇ ਭਾਗੀਪੁਲ ਵਿਚ ਘਰ ਨੁਕਸਾਨੇ ਜਾਣ ਦੀਆਂ ਰਿਪੋਰਟਾਂ ਹਨ।